ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 17 ਜੂਨ
ਹਲਕਾ ਸਨੌਰ ਦੇ ਕਸਬਾ ਦੇਵੀਗੜ੍ਹ ਨੇੜਿਉਂ ਲੰਘਦੇ ਰਜਬਾਹੇ ਵਿੱਚ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਦੇ ਮੱਦੇਨਜ਼ਰ ਬੀਤੀ ਰਾਤ ਨਹਿਰ ਦਾ ਪਾਣੀ ਛੱਡਿਆ ਸੀ ਪਰ ਇਸ ਰਜਵਾਹੇ ਵਿੱਚ ਪਿੰਡ ਹਸਨਪੁਰ ਕੰਬੋਆਂ ਨੇੜੇ ਪਾੜ ਪੈ ਗਿਆ। ਇਸ ਨਾਲ ਪਿੰਡ ਹਸਨਪੁਰ ਕੰਬੋਆਂ ਵਾਲੇ ਪਾਸੇ ਦੀ ਪਟੜੀ ਟੁੱਟਣ ਨਾਲ ਇਸ ਪਿੰਡ ਦੇ ਕਿਸਾਨਾਂ ਦੀ 20-25 ਏਕੜ ਜ਼ਮੀਨ ਪਾਣੀ ਨਾਲ ਭਰ ਗਈ।
ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ ਰਜਵਾਹੇ ਦਾ ਇਹ ਪਾਣੀ ਖੇਤਾਂ ਵਿੱਚ 2-2 ਫੁੱਟ ਡੂੰਘਾ ਭਰ ਗਿਆ ਹੈ ਜਿਸ ਕਾਰਨ ਕੁਝ ਕਿਸਾਨਾਂ ਦੀ ਮਿਰਚ ਦੀ ਫਸਲ ਡੁੱਬ ਗਈ। ਪਾੜ ਦਾ ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਜਨਸੂਆ ਹੈੱਡ ’ਤੇ ਫੋਨ ਕਰਕੇ ਇਸ ਰਜਬਾਹੇ ਨੂੰ ਫਿਲਹਾਲ ਬੰਦ ਕਰਵਾ ਦਿੱਤਾ ਹੈ ਅਤੇ ਰਜਵਾਹੇ ਦੀ ਟੁੱਟੀ ਪਟੜੀ ਨੂੰ ਪੂਰਨ ਦਾ ਕੰਮ ਪਿੰਡ ਦੇ ਕਿਸਾਨਾਂ ਵੱਲੋਂ ਜੇ.ਸੀ.ਬੀ. ਲਗਾ ਕੇ ਕੀਤਾ ਜਾ ਰਿਹਾ ਹੈ।
ਇੱਥੇ ਦੱਸਣਯੋਗ ਹੈ ਕਿ ਬੇਸ਼ੱਕ ਸਿੰਜਾਈ ਵਿਭਾਗ ਵੱਲੋਂ ਅਜੇ ਪਿਛਲੇ ਦਿਨੀਂ ਹੀ ਇਸ ਰਜਵਾਹੇ ਦੀ ਜੇ.ਸੀ.ਸੀ. ਲਗਾ ਕੇ ਸਫਾਈ ਕਰਵਾਈ ਗਈ ਸੀ ਪਰ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਰਜਬਾਹੇ ਦੀ ਸਫਾਈ ਕਰਵਾਉਂਦਿਆਂ ਇਸ ਦੀ ਪਟੜੀ ਨੂੰ ਮਜ਼ਬੂਤ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਵਿੱਚ ਖੁੱਡਾਂ ਬੰਦ ਕੀਤੀਆਂ ਗਈਆਂ। ਇਨ੍ਹਾਂ ਖੁੱਡਾਂ ਕਰਕੇ ਹੀ ਰਜਵਾਹੇ ਵਿੱਚ ਪਾੜ ਪਿਆ ਹੈ।
ਪਿੰਡ ਵਾਸੀਆਂ ਨੇ ਮਹਿਕਮੇ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਟੜੀ ਨੂੰ ਮਜ਼ਬੂਤ ਕਰਵਾਏ, ਜੇਕਰ ਫਿਰ ਕਿਤੇ ਇਹ ਟੁੱਟ ਗਈ ਤਾਂ ਝੋਨੇ ਦੀ ਫਸਲ ਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ।