ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਨਵੰਬਰ
ਇਥੋਂ ਦੀਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਆਲ ਇੰਡੀਆ ਲਾਇਰਜ਼ ਯੂਨੀਅਨ, ਲਾਇਰਜ਼ ਵੈਲਫੇਅਰ ਫਰੰਟ ਅਤੇ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦਾ ਸਾਂਝਾ ਵਫ਼ਦ ਐਡਵੋਕੇਟ ਸਰਬਜੀਤ ਸਿੰਘ ਵਿਰਕ, ਐਡਵੋਕੇਟ ਰਾਜੀਵ ਲੋਹਟਬੱਦੀ, ਐਡਵੋਕੇਟ ਹਰਿੰਦਰ ਸ਼ਰਮਾ ਦੀ ਅਗਵਾਈ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਰੁਪਿੰਦਰ ਚਾਹਲ ਨੂੰ ਮਿਲਿਆ। ਵਫ਼ਦ ਨੇ ਉਨ੍ਹਾਂ ਦਾ ਧਿਆਨ ਅਦਾਲਤਾਂ ਵਿੱਚ ਵਕੀਲਾਂ ਅਤੇ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਵੱਲ ਦਿਵਾਇਆ। ਵਫ਼ਦ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਜੁਡੀਸ਼ਲ ਕੰਪਲੈਕਸ ਵਿਚ ਛੇਤੀ ਤੋਂ ਛੇਤੀ ਸੀਸੀਟੀਵੀ ਕੈਮਰੇ ਅਤੇ ਕੰਟਰੋਲ ਰੂਮ ਸਥਾਪਿਤ ਕਰਨ ਦੀ ਮੰਗ ਕੀਤੀ। ਵਫ਼ਦ ਨੇ ਬੀਤੇ ਦਿਨ ਸੁਰੱਖਿਆ ਪਟੀਸ਼ਨ ਪਾਉਣ ਵਾਲੇ ਨਵੇਂ ਵਿਆਹੇ ਜੋੜੇ ਨਾਲ ਵਧੀਕੀ ਕਰਨ, ਅਦਾਲਤ ਕੰਪਲੈਕਸ ’ਚੋਂ ਲੜਕੀ ਨੂੰ ਅਗਵਾ ਕਰਨ ਦਾ ਗੰਭੀਰ ਨੋਟਿਸ ਲੈਣ ਅਤੇ ਸੁਰੱਖਿਆ ਵਿੱਚ ਕੁਤਾਹੀ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਮਹਾਤਮਾ ਗਾਂਧੀ ਕੰਪਲੈਕਸ ਨੂੰ ਜੁਡੀਸ਼ਲ ਬਿਲਡਿੰਗ ਨਾਲ ਜੋੜਨ, ਅਦਾਲਤਾਂ ਦੇ ਅੰਦਰ ਅਤੇ ਬਾਹਰ ਆਮ ਲੋਕਾਂ ਤੇ ਵਕੀਲਾਂ ਲਈ ਕੁਰਸੀਆਂ ਦਾ ਯੋਗ ਪ੍ਰਬੰਧ ਕਰਨ ਅਤੇ ਪਖਾਨਿਆਂ ਦੀ ਸਾਫ਼- ਸਫ਼ਾਈ ਕਰਵਾਉਣ ਤੋਂ ਇਲਾਵਾ ਹੋਰ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਵਫ਼ਦ ਵਿੱਚ ਐਡਵੋਕੇਟ ਅਲੰਕਾਰ ਅਰੋੜਾ, ਐਡਵੋਕੇਟ ਸੁਖਵੰਤ ਸਿੰਘ ਹੁੰਦਲ, ਗਗਨਦੀਪ ਸਿੰਘ, ਐਡਵੋਕੇਟ ਮਹਿਕਪ੍ਰੀਤ ਸਿੰਘ, ਐਡਵੋਕੇਟ ਹਰਜੀਤ ਸਰਧਾਨੀਆ, ਐਡਵੋਕੇਟ ਨਵਦੀਪ ਸ਼ਰਮਾ, ਐਡਵੋਕੇਟ ਗਗਨਦੀਪ ਸਿੰਘ ਐਡਵੋਕੇਟ ਹਰੀਸ਼ ਵਰਮਾ, ਐਡਵੋਕੇਟ ਸੰਜੀਵ ਸਿੰਘ ,ਐਡਵੋਕੇਟ ਲਵਦੀਪ ਸਿੰਘ ਸੈਣੀ, ਐਡਵੋਕੇਟ ਆਕਾਸ਼ ਪਟਿਆਲਾ, ਐਡਵੋਕੇਟ ਕੁਲਦੀਪ ਜੋਸ਼ਨ, ਐਡਵੋਕੇਟ ਨਵਦੀਪ ਸਿੰਘ ਅਤੇ ਐਡਵੋਕੇਟ ਰਣਜੀਤ ਖੁਰਮੀ ਸ਼ਾਮਲ ਸਨ।