ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਸਤੰਬਰ
ਚੀਨੀ ਵਾਇਰਸ ਨਾਲ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਸਕੂਟਰ ਰਾਹੀਂ ਡੀਸੀ ਦਫ਼ਤਰ ’ਚ ਮੰਗ ਪੱਤਰ ਦੇਣ ਜਾ ਰਹੇ ਭਾਰਤੀ ਕਿਸਾਨ ਮੰਚ ਦੇ ਆਗੂ ਦੋ ਸਕੇ ਭਰਾ ਅੱਜ ਇਥੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਟਰੱਕ ਦੇ ਟਾਇਰ ਹੇਠਾਂ ਆਉਣ ਕਾਰਨ ਇਕ ਭਰਾ ਦੀ ਮੌਤ ਹੋ ਗਈ ਜਦੋਂਕਿ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਾਸੀ ਸਨੌਰ ਵਜੋਂ ਹੋਈ,ਜਦੋਂਕਿ ਮ੍ਰਿਤਕ ਦਾ ਭਰਾ ਗੁੁਰਚਰਨ ਸਿੰਘ ਸਨੌਰ ਇਸ ਹਾਦਸੇ ’ਚ ਗੰਭੀਰ ਜ਼ਖ਼ਮੀ ਹੋ ਗਿਆ, ਜੋ ਭਾਰਤੀ ਕਿਸਾਨ ਮੰਚ ਦਾ ਸੂਬਾਈ ਮੀਤ ਪ੍ਰਧਾਨ ਹੈ। ਮੌਤ ਦੇ ਮੂੰਹ ਗਿਆ ਰਣਜੀਤ ਸਿੰਘ ਵੀ ਇਸੇ ਕਿਸਾਨ ਮੰਚ ਦਾ ਮੈਂਬਰ ਸੀ।
ਪਿਛਲੇ ਦਿਨੀ ਭਾਰਤੀ ਕਿਸਾਨ ਮੰਚ ਵੱਲੋਂ ਮੰਚ ਦੇ ਕੌਮੀ ਪ੍ਰ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠਾਂ ਹਫਤਾ ਪਹਿਲਾਂ ਇਥੇ ਡੀ.ਸੀ ਦਫਤਰ ’ਚ ਮੰਗ ਪੱਤਰ ਦੇ ਕੇ ਝੋਨੇ ਦੀ ਫਸਲ ਦੇ ਚੀਨੀ ਵਾਇਰਸ ਨਾਲ਼ ਹੋਏ ਖਰਾਬੇ ਬਦਲੇ ਮੁਆਵਜ਼ਾ ਦੇਣ ’ਤੇ ਜ਼ੋਰ ਦਿੱਤਾ ਸੀ ਪਰ ਹਫਤੇ ਬਾਅਦ ਵੀ ਇਸ ਸਬੰਧੀ ਪ੍ਰਸ਼ਾਸਨ ਤਰਫ਼ੋਂ ਕੋਈ ਕਾਰਵਾਈ ਨਾ ਕਰਨ ’ਤੇ ਮੰਚ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠਾਂ 22 ਸਤੰਬਰ ਨੂੰ ਯਾਦ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
ਅੱਜ ਦੇ ਇਸ ਵਫ਼ਦ ਦੀ ਅਗਵਾਈ ਕਰ ਰਹੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਦੱਸਿਆ ਕਿ ਕਈ ਕਿਸਾਨ ਕਾਰਾਂ ਤੇ ਹੋਰ ਸਾਧਨਾ ਰਾਹੀਂ ਡੀ.ਸੀ ਦਫਤਰ ਪਹੁੰਚ ਗਏ। ਜਦੋਂਕਿ ਰਣਜੀਤ ਸਿੰਘ ਤੇ ਗੁਰਚਰਨ ਸਿੰਘ ’ਤੇ ਸਕੂਟਰ ਰਾਹੀਂ ਹੀ ਡੀ.ਸੀ ਦਫਤਰ ਵੱਲ ਚੱਲ ਪਏ। ਇਸ ਦੌਰਾਨ ਹੀ ਉਹ ਜਦੋਂ ਰਾਜਪੁਰਾ ਰੋਡ ’ਤੇ ਬੱਸ ਅੱਡੇ ਤੋਂ ਅਜੇ ਪਿਛਾਂਹ ਹੀ ਸੀ, ਤਾਂ ਇੱੱਕ ਟਰੱਕ ਨੇ ਉਨ੍ਹਾਂ ਦੇ ਸਕੂਟਰ ਨੂੰ ਸਾਈਡ ਮਾਰੀ ਕਿ ਉਹ ਦੋਵੇਂ ਡਿੱਗ ਗਏ। ਜਿਸ ਦੌਰਾਨ ਟਰੱਕ ਦਾ ਇਕ ਟਾਇਰ ਰਣਜੀਤ ਸਿੰਘ ਦੇ ਸਿਰ ਦੇ ਉਪਰੋਂ ਲੰਘ ਗਿਆ ਤੇ ਉਸ ਦੀ ਮੌਤ ਹੋ ਗਈ। ਜਦੋਂਕਿ ਉਸ ਦਾ ਭਰਾ ਗੁਰਚਰਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸੇ ਦੌਰਾਨ ਭਾਰਤੀ ਕਿਸਾਨ ਮੰਚ ਨੇ ਬੂਟਾ ਸਿੰਘ ਸ਼ਾਦੀਪੁਰ ਸਣੇ ਕਿਸਾਨ ਜਥੇਬੰਦੀ ਨੇ ਰਣਜੀਤ ਸਿੰਘ ਦੀ ਮੌਤ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
ਮੋਟਰਸਾਈਕਲ ਦੀ ਟੱਕਰ ਨਾਲ ਇੱਕ ਹਲਾਕ
ਇਥੇ ਨੇੜੇ ਘਲੋੜੀ ਗੇਟ ਦੇ ਕੋਲ਼ ਵਾਪਰੇ ਇੱਕ ਵੱਖਰੇ ਸੜਕ ਹਾਦਸੇ ’ਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੌਰਾਨ ਮੋਟਰਸਾਈਕਲ ’ਤੇ ਜਾ ਰਹੇ ਕ੍ਰਿਸ਼ਨ ਕੁਮਾਰ ਵਾਸੀ ਗੁਰੂ ਨਾਨਕ ਗੁਰੂ ਨਾਨਕ ਨਗਰ ਪਟਿਆਲਾ ਨੂੰ ਇਕ ਹੋਰ ਮੋਟਰ ਸਾਈਕਲ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਤ ਹੋ ਗਈ।