ਸੁਭਾਸ਼ ਚੰਦਰ
ਸਮਾਣਾ, 1 ਨਵੰਬਰ
ਇੱਥੇ ਵੜੈਚਾਂ ਰੋਡ ਨੇੜੇ ਸਥਿ ਪਿੰਡ ਖਦਾਦਪੁਰਾ ਵਿੱਚ ਲੰਘੇ ਦਿਨ ਮਹਾਵੀਰ ਟੈਕਸਟਾਈਲਜ਼ ਨਾ ਮਦੀ ਇੱਕ ਵੇਸਟ ਕਾਟਨ ਯੂਨਿਟ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਇਸ ਅੱਗ ਨਾਲ ਕੱਚਾ ਤੇ ਤਿਆਰ ਪਿਆ ਮਾਲ, ਮੋਟਰਾਂ, ਮਸ਼ੀਨਰੀ, ਬਿਲਡਿੰਗ ਅਤੇ ਬਿਜਲੀ ਦੇ ਹੋਰ ਉਪਕਰਨਾਂ ਦੇ ਨਾਲ-ਨਾਲ ਇੱਕ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਫੈਕਟਰੀ ਦੇ ਮਾਲਕ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਰਾਤ 9 ਕੁ ਵਜੇ ਦੇ ਕਰੀਬ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਨੂੰ ਉੱਥੇ ਮੌਜੂਦ ਵਰਕਰਾਂ ਦੀ ਸਹਾਇਤਾ ਨਾਲ ਫੈਕਟਰੀ ਵਿੱਚ ਲੱਗੇ ਅੱਗ ਬੁਝਾਊ ਯੰਤਰਾਂ ਰਾਹੀਂ ਅਤੇ ਫਾਇਰ ਬ੍ਰਿਗੇਡ ਸਮਾਣਾ ਦੇ ਜਵਾਨਾਂ ਵੱਲੋਂ ਬੜੀ ਮੁਸ਼ੱਕਤ ਨਾਲ ਬੁਝਾਇਆ ਜਾ ਸਕਿਆ। ਕਾਫੀ ਦੇਰ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਭਾਵੇਂ ਕਿ ਅੱਗ ’ਤੇ ਕਾਬੂ ਤਾਂ ਪਾ ਲਿਆ ਗਿਆ ਪ੍ਰੰਤੂ ਫਿਰ ਵੀ ਯੂਨਿਟ ਵਿੱਚ ਪਿਆ ਲੱਖਾਂ ਰੁਪਏ ਦਾ ਮਾਲ, ਮੋਟਰਾਂ, ਮਸ਼ੀਨਰੀ, ਮੋਟਰ ਸਾਈਕਲ, ਬਿਲਡਿੰਗ ਅਤੇ ਬਿਜਲੀ ਦੇ ਉਪਕਰਨਾਂ ਵਗੈਰ੍ਹਾ ਦਾ ਨੁਕਸਾਨ ਹੋ ਗਿਆ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਪੁਲੀਸ ਤੇ ਫਾਇਰ ਬ੍ਰਿਗੇਡ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।