ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਮਈ
ਇੱਥੋਂ ਦੇ ਘੇਰ ਸੋਢੀਆਂ ਇਲਾਕੇ ’ਚ ਸਥਿਤ ਡੀਲਕਸ ਫੈਸ਼ਨ ਸਟੋਰ ’ਚ ਅੱਜ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋ ਗਿਆ। ਤਿੰਨ ਮੰਜ਼ਲਾ ਇਹ ਇਮਾਰਤ ਭੀੜ-ਭੜੱਕੇ ਵਾਲ਼ੇ ਖੇਤਰ ’ਚ ਹੋਣ ਕਰਕੇ ਅੱਗ ਬੁਝਾਊ ਸਟਾਫ਼ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਫਾਇਰ ਬ੍ਰਿਗੇਡ ਦੀ ਗੱਡੀ ਸਿਰੇ ਤੱਕ ਨਾ ਜਾ ਸਕਣ ਕਰਕੇ ਲੰਬੀਆਂ ਪਾਈਪਾਂ ਦਾ ਪ੍ਰਬੰਧ ਕਰਨਾ ਪਿਆ।
ਭਾਵੇਂ ਇਸ ਸਟੋਰ ਵਿਚਲਾ ਸਾਮਾਨ ਤਾਂ ਸੜ ਕੇ ਸੁਆਹ ਹੋ ਗਿਆ ਪਰ ਫੇਰ ਵੀ ਜਿਵੇਂ ਹਾਲਾਤ ਸਨ, ਫਾਇਰ ਬ੍ਰਿਗੇਡ ਨੇ ਅੱਗ ਨੂੰ ਹਰ ਅੱਗੇ ਵਧਣ ਤੋਂ ਰੋਕਣ ਲਈ ਡਾਢੀ ਮੁਸ਼ੱਕਤ ਕੀਤੀ। ਇਸ ਸਟੋਰ ਦੇ ਮਾਲਕ ਬਿੱਟੂ ਦਾ ਕਹਿਣਾ ਹੈ ਕਿ ਅੱਗ ਬਿਜਲੀ ਦੀਆਂ ਤਾਰਾਂ ਸਪਾਰਕ ਕਰਨ ਨਾਲ ਲੱਗੀ। ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਅਜੇ ਸਮੁੱਚਾ ਹਿਸਾਬ ਲਾਇਆ ਜਾ ਰਿਹਾ ਹੈ, ਪਰ ਇਹ ਸਪੱਸ਼ਟ ਹੈ ਕਿ ਇਸ ਫਰਮ ਨੂੰ ਭਾਰੀ ਵਿੱਤੀ ਨੁਸਕਾਨ ਹੋਇਆ ਹੈੇ।
ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਦੀ ਧੀ ਬੀਬਾ ਜੈਇੰਦਰ ਕੌਰ ਨੇ ਵੀ ਮੇਅਰ ਸੰਜੀਵ ਬਿੱਟੂ ਅਤੇ ਹੋਰਾਂ ਦੇ ਨਾਲ਼ ਘਟਨਾ ਸਥਾਨ ’ਤੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਸਟੋਰ ਦੇ ਮਾਲਕਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਉਨ੍ਹਾ ਨੇ ਨਾਲ ਹੀ ‘ਆਪ’ ਸਰਕਾਰ ਤੋਂ ਮੰਗ ਕੀਤੀ ਕਿ ਕੈਪਟਨ ਸਰਕਾਰ ਵੱਲੋਂ ਲਿਆਂਦਾ ਗਿਆ ਬਿਜਲੀ ਦੀਆਂ ਸਿੰਗਲ ਤਾਰਾਂ ਵਾਲ਼ਾ ਪ੍ਰ੍ਰਾਜੈਕਟ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨੇ ਸਰਕਾਰ ਤੋਂ ਅੱਜ ਦੀ ਇਸ ਘਟਨਾ ਲਈ ਪੀੜਤ ਪਰਿਵਾਰ ਲਈ ਯੋਗ ਮੁਆਵਜ਼ੇ ਦੀ ਮੰਗ ਵੀ ਕੀਤੀ।