ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਜੂਨ
ਪਟਿਆਲਾ ਦੇ ਭੀੜ ਵਾਲੇ ਇਲਾਕੇ ਅਰਨਾ ਵਰਨਾ ਚੌਕ ਤੋਂ ਤ੍ਰਿਵੇਣੀ ਚੌਕ ਵੱਲ ਜਾਂਦੀ ਸੜਕ ’ਤੇ ਬਣੇ ਲਾਲਾ ਜੀ ਢਾਬੇ ’ਚ ਅੱਜ ਸਿਲੰਡਰ ਫੱਟਣ ਕਾਰਨ ਜਬਰਦਸਤ ਧਮਾਕਾ ਹੋਇਆ। ਇਹ ਧਮਾਕਾ ਇੰਨਾ ਦਿਲ ਕੰਬਾਊ ਸੀ ਕਿ ਆਲੇ ਦੁਆਲੇ ਦੀਆਂ ਦੁਕਾਨਾਂ ਦੇ ਸ਼ੀਸ਼ੇ ਵੀ ਭੰਨ੍ਹ ਗਏ। ਇਸ ਧਮਾਕੇ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਾਰਾ ਢਾਬਾ ਸੜ ਕੇ ਸੁਆਹ ਹੋ ਗਿਆ। ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਮਲੇ ਨੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਪਟਿਆਲਾ ਦੇ ਭੀੜ ਭਰੇ ਇਲਾਕੇ ਵਿਚ ਲਾਲਾ ਜੀ ਢਾਬੇ ਵਿਚ ਸਿਲੰਡਰ ਫਟ ਗਿਆ। ਇਸ ਘਟਨਾ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅੰਦਰ ਗੈਸ ਨਾਲ ਭਰੇ ਦੋ ਸਿਲੰਡਰ ਹੋਰ ਪਏ ਸਨ ਪਰ ਉਹ ਸਿਲੰਡਰ ਸਹੀ ਸਲਾਮਤ ਕੱਢ ਲਏ ਗਏ। ਮੌਕੇ ’ਤੇ ਲੋਕਾਂ ਵਿਚ ਕਾਫ਼ੀ ਸਹਿਮ ਪਾਇਆ ਜਾ ਰਿਹਾ ਹੈ ਕਿਉਂਕਿ ਅਤਿ ਦੀ ਗਰਮੀ ਕਾਰਨ ਅਜਿਹਾ ਹੋਣਾ ਆਮ ਲੋਕਾਂ ਲਈ ਸਹਿਮ ਦਾ ਕਾਰਨ ਬਣਦਾ ਹੈ। ਇਸ ਵੇਲੇ ਇੱਥੇ ਖੜ੍ਹੇ ਕੁਝ ਲੋਕਾਂ ਨੇ ਕਿਹਾ ਕਿ ਇਹ ਧਮਾਕਾ ਇੰਨਾ ਖ਼ਤਰਨਾਕ ਸੀ ਕਿ ਆਲੇ-ਦੁਆਲੇ ਦੇ ਲੋਕਾਂ ਵਿਚ ਡਰ ਪੈਦਾ ਹੋ ਗਿਆ। ਇਸ ਵੇਲੇ ਫਾਇਰ ਬ੍ਰਿਗੇਡ ਦੇ ਇੰਸਪੈਕਟਰ ਰਾਜਿੰਦਰ ਕੌਸ਼ਲ ਨੇ ਦੱਸਿਆ ਕਿ ਇੱਥੇ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ ਪਰ ਢਾਬਾ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਢਾਬਿਆਂ ਵਿਚ ਜਾਂ ਰਸੋਈਆਂ ਵਿਚ ਪਏ ਗੈਸ ਸਿਲੰਡਰਾਂ ਦੀ ਖ਼ਾਸ ਤਵੱਜੋ ਨਾਲ ਦੇਖਭਾਲ ਕਰਨੀ ਜ਼ਰੂਰੀ ਹੈ ਕਿਉਂਕਿ ਅਤਿ ਦੀ ਗਰਮੀ ਕਰ ਕੇ ਸਿਲੰਡਰ ਕਿਸੇ ਵੇਲੇ ਵੀ ਭਾਂਬੜ ਬਣ ਸਕਦਾ ਹੈ। ਇਸ ਅੱਗ ਨੂੰ ਬੁਝਾਉਣ ’ਚ ਕਰੀਬ ਇਕ ਘੰਟਾ ਲੱਗਿਆ ਹੈ। ਆਲੇ ਦੁਆਲੇ ਦੇ ਲੋਕੀ ਸਰਕਾਰ ਕੋਲੋਂ ਢਾਬਾ ਮਾਲਕ ਦੇ ਨੁਕਸਾਨ ਦੀ ਭਰਪਾਈ ਦੀ ਮੰਗ ਕਰ ਰਹੇ ਸਨ।a
ਟਰਾਂਸਫਾਰਮਰ ਨੂੰ ਅੱਗ ਲੱਗੀ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਅਤਿ ਦੀ ਗਰਮੀ ਕਾਰਨ ਸਥਾਨਕ ਸ਼ਹਿਰ ਦੇ ਪੀਰਾਂ ਵਾਲਾ ਗੇਟ ਨੇੜੇ ਬਿਜਲੀ ਦੇ ਇਕ ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਬਾਜ਼ਾਰ ’ਚ ਹਫੜਾ-ਤਫੜੀ ਮੱਚ ਗਈ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ ਚਾਰ ਕੁ ਵਜੇ ਉਕਤ ਬਿਜਲੀ ਦੇ ਟਰਾਂਸਫਾਰਮਰ ਨੂੰ ਅਚਾਨਕ ਅੱਗ ਲੱਗ ਗਈ। ਦੁਕਾਨਦਾਰਾਂ ਨੇ ਤੁਰੰਤ ਸਥਾਨਕ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਇਤਲਾਹ ਦਿੱਤੀ। ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਤੁਰੰਤ ਬਿਜਲੀ ਸਪਲਾਈ ਬੰਦ ਕੀਤੀ। ਇਸ ਦੌਰਾਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਆ ਕੇ ਅੱਗ ’ਤੇ ਕਾਬੂ ਪਾਇਆ। ਇਸ ਸਬੰਧੀ ਪਾਵਰਕੌਮ ਸੁਨਾਮ ਸ਼ਹਿਰੀ ਦੇ ਐੱਸਡੀਓ ਚਮਕੌਰ ਸਿੰਘ ਨੇ ਕਿਹਾ ਕਿ ਅਤਿ ਦੀ ਗਰਮੀ ਅਤੇ ਬਿਜਲੀ ਦੀ ਖਪਤ ਜ਼ਿਆਦਾ ਹੋਣ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਜਲਦ ਹੀ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।