ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਜਨਵਰੀ
ਨਵੇਂ ਵਰ੍ਹੇ ਦੀ ਆਮਦ ਮੌਕੇ ਅੱਜ ਇਥੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ ਚਰਨਛੋਹ ਅਸਥਾਨ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾਇਆ ਅਤੇ ਕੀਰਤਨੀ ਜਥਿਆਂ ਪਾਸੋਂ ਗੁਰਬਾਣੀ ਕੀਰਤਨ ਪ੍ਰਵਾਹ ਦਾ ਆਨੰਦ ਮਾਣਿਆ। ਸੰਗਤਾਂ ਨੇ ਪੰਗਤ-ਸੰਗਤ ਕਰਦਿਆਂ, ਗੁਰਦੁਆਰੇ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਵੀ ਕੀਤਾ। ਇਸ ਦੌਰਾਨ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਨਵੇਂ ਆਏ ਮੈਨੇਜਰ ਭਗਵੰਤ ਸਿੰਘ ਭੰਗੂ ਨੇ ਕੀਤੀ। ਹੈੱਡ ਗ੍ਰੰਥੀ ਪਿ੍ਤਪਾਲ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਨਵੇਂ ਵਰ੍ਹੇ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਸਾਰਿਆਂ ਨੂੰ ਸਿਹਤਯਾਬ ਰੱਖੇ ਅਤੇ ਗੁਰਮਤਿ ਫਲਸਫੇ ਨਾਲ ਜੁੜ ਰਹੀਆਂ ਸੰਗਤਾਂ ਹਮੇਸ਼ਾ ਸ਼ਬਦ ਗੁਰੂ ਨਾਲ ਜੁੜੀਆਂ ਰਹਿਣ। ਇਸੇ ਤਰ੍ਹਾਂ ਪਟਿਆਲਾ ਸ਼ਹਿਰ ’ਚ ਸਥਿਤ ਗੁਰਦੁਆਰਾ ਮੋਤੀ ਬਾਗ ਅਤੇ ਨੌਵੇਂ ਪਾਤਸ਼ਾਹ ਦੀ ਹੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬਹਾਦਰਗੜ੍ਹ ਵਿਖੇ ਵੀ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਮੋਤੀ ਬਾਗ ਦੇ ਮੈਨੇਜਰ ਇੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਅੱਜ ਸਵੇਰ ਤੋਂ ਹੀ ਸੰਗਤਾਂ ਦੀ ਆਮਦ ਆਰੰਭ ਹੋ ਗਈ ਸੀ ਤੇ ਸ਼ਾਮ ਤੱਕ ਗੁਰੂ ਘਰ ’ਚ ਰੌਣਕਾਂ ਰਹੀਆਂ। ਇਸੇ ਤਰਾਂ ਬਹਾਦਰਗੜ੍ਹ ਸਾਹਿਬ ਵਿਚਲੇ ਗੁਰਦੁਆਰੇ ਦੇ ਮੈਨੇਜਰ ਗੁਰਲਾਲ ਸਿੰਘ ਨਲਿਨੀ ਨੇ ਦੱਸਿਆ ਕਿ ਇਸ ਅਸਥਾਨ ’ਤੇ ਦਿਹਾਤੀ ਖੇਤਰ ਦੀ ਵਧੇਰੇ ਸੰਗਤ ਨਤਮਸਤਕ ਹੋਈ।
ਡਕਾਲਾ(ਪੱਤਰ ਪ੍ਰੇਰਕ): ਨਵੇਂ ਵਰ੍ਹੇ ਦੀ ਆਮਦ ਮੌਕੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਸੰਗਤਾਂ ਨੇ ਗੁਰਬਾਣੀ ਕੀਰਤਨ ਪ੍ਰਵਾਹ ਦਾ ਆਨੰਦ ਮਾਣਿਆ ਤੇ ਪੰਗਤ-ਸੰਗਤ ਕਰਦਿਆਂ ਗੁਰਦੁਆਰੇ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ।