ਸਰਬਜੀਤ ਸਿੰਘ ਭੰਗੂ
ਪਟਿਆਲਾ 5 ਜਨਵਰੀ
ਇੱਥੇ ਅੱਜ ਬਸੰਤ ਪੰਚਮੀ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਨਾ ਸਿਰਫ਼ ਬੱਚਿਆਂ ਅਤੇ ਨੌਜਵਾਨਾਂ ਨੇ, ਬਲਕਿ ਕੁਝ ਥਾਵਾਂ ’ਤੇ ਮੁਟਿਆਰਾਂ ਅਤੇ ਮਹਿਲਾਵਾਂ ਨੇ ਵੀ ਬਸੰਤ ਪੰਚਮੀ ਨਾਲ਼ ਸਬੰਧਤ ਪਤੰਗਬਾਜ਼ੀ ਕੀਤੀ। ਉਂਜ ਇਸ ਦੌਰਾਨ ਅਨੇਕਾਂ ਥਾਂਵਾਂ ’ਤੇ ਚਾਈਨਾ ਡੋਰ ਦੀ ਵਰਤੋਂ ਕਰਨ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ।
ਉਧਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ‘ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ’ ਵਿਖੇ ਬਸੰਤ ਪੰਚਮੀ ਸਬੰਧੀ ਸਾਲਾਨਾ ਜੋੜ ਮੇਲ ਵੀ ਕਰਵਾਇਆ ਗਿਆ। ਇਸ ਦੌਰਾਨ ਸ਼ਾਹੀ ਸ਼ਹਿਰ ਸਮੇਤ ਪੰਜਾਬ ਭਰ ਵਿੱਚੋਂ ਸੰਗਤ ਨਤਮਸਤਕ ਹੋਣ ਲਈ ਪੁੱਜੀ। ਭੀੜ ਇੰਨੀ ਰਹੀ ਕਿ ਕਈਆਂ ਨੂੰ ਤਾਂ ਮੱਥਾ ਟੇਕਣ ਲਈ ਤਿੰਨ ਤਿੰਨ ਘੰਟੇ ਵੀ ਲਾਈਨਾਂ ’ਚ ਖੜ੍ਹੇ ਰਹਿਣਾ ਪਿਆ। ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਮੈਨੇਜਰ ਭਗਵੰਤ ਸਿੰਘ ਭੰਗੂ ਅਤੇ ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ ਕਰ ਰਹੇ ਸਨ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਐਗਜੈਕਟਿਵ ਮੈਂਬਰ ਸੁਰਜੀਤ ਗੜ੍ਹੀ ਸਮੇਤ ਮੈਂਬਰਾਨ ਸਤਵਿੰਦਰ ਟੌਹੜਾ,ਜਸਮੇਰ ਲਾਛੜੂ, ਸਵਿੰਦਰ ਸੱਭਰਵਾਲ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਪਰਮਜੀਤ ਸਰੋਆ ਸਮੇਤ ਕਈ ਹੋਰ ਆਗੂ ਵੀ ਪੁੱਜੇ ਹੋਏ ਸਨ। ਮੈਨੇਜਰ ਭਗਵੰਤ ਸਿੰਘ ਭੰਗੂ, ਹੈੱਡ ਗ੍ਰੰਥੀ ਪ੍ਰਿਤਪਾਲ ਸਿੰਘ, ਭਾਈ ਪ੍ਰਨਾਮ ਸਿੰਘ ਤੇ ਫੂਲਾ ਸਿੰਘ ਨੇ ਸਿੰਘ ਸਾਹਿਬ ਸਮੇਤ ਹੋਰਾਂ ਨੂੰ ਸਮਨਮਾਨਤ ਵੀ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ, ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਮਹਾਨ ਵਿਰਾਸਤ ਅਤੇ ਇਤਿਹਾਸ ਨੂੰ ਸਮੋਈ ਬੈਠੀ ਹੈ। ਉਨ੍ਹਾਂ ਕਿਹਾ,‘ਅੱਜ ਲੋੜ ਹੈ ਕਿ ਅਸੀਂ ਖਾਲਸਾਈ ਪ੍ਰੰਪਰਾਵਾਂ ਦੇ ਧਾਰਨੀ ਹੋਈਏ ਅਤੇ ਕੌਮ ਦੇ ਮਹਾਨ ਗੌਰਵਮਈ ਇਤਿਹਾਸ ਨਾਲ ਜੁੜਨ ਦਾ ਉਪਰਾਲਾ ਕਰੀਏ।’ ਬੁਲਾਰੇ ਕੰਵਰ ਬੇਦੀ ਨੇ ਦੱਸਿਆ ਕਿ ਇਸ ਮੌਕੇ ਢਾਡੀ-ਕਵੀਸ਼ਰੀ ਜਥਿਆਂ ਅਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਅਤੇ ਵਾਰਾਂ ਆਦਿ ਨਾਲ਼ ਨਿਹਾਲ ਕੀਤਾ ਅਤੇ ਕਵੀ ਦਰਬਾਰ ’ਚ ਵੀ ਸਜਾਇਆ ਗਿਆ।