ਰਵੇਲ ਸਿੰਘ ਭਿੰਡਰ
ਪਟਿਆਲਾ, 25 ਨਵੰਬਰ
ਇਥੇ ਵੱਡੀ ਨਦੀ ਕੋਲ ਸਥਿਤ ਗੋਬਿੰਦ ਬਾਗ ਵਿੱਚ ਇੱਕ ਪ੍ਰਾਈਵੇਟ ਗੁਦਾਮ ਨੂੰ ਅੱਜ ਸਵੇਰੇ ਅੱਗ ਲੱਗਣ ਨਾਲ ਇਸ ਵਿੱਚ ਬੂਟਾਂ ਦਾ ਪਿਆ ਭੰਡਾਰ ਸੜ ਕੇ ਸਵਾਹ ਹੋ ਗਿਆ ਹੈ। ਇਸ ਭੜਕੀ ਅੱਗ ਨੂੰ ਨਿਗਮ ਦੀਆਂ ਫਾਇਰ ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਸ਼ਾਂਤ ਕੀਤਾ। ਵੇਰਵਿਆਂ ਮੁਤਾਬਿਕ ਬੇਸਮੈਂਟਨੁਮਾ ਗੁਦਾਮ ਹੋਣ ਕਾਰਨ ਅੱਗ ਨੂੰ ਬੁਝਾਉਣ ਵਿੱਚ ਕਾਫ਼ੀ ਦਿੱਕਤ ਆਈ। ਗੁਦਾਮ ਵਿੱਚ ਵੱਖ ਵੱਖ ਤਰਾਂ ਦੇ ਬੂਟਾਂ ਦਾ ਭੰਡਾਰ ਸੀ, ਜਿਹੜਾ ਕਿ ਨੱਕੋ ਨੱਕ ਭਰਿਆ ਹੋਇਆ ਹੋਣ ਕਾਰਨ ਅੱਗ ਘੰਟਿਆਂਬੱਧੀ ਭੜਕਦੀ ਰਹੀ। ਸਬ ਫਾਇਰ ਅਫਸਰ ਮਦਨ ਲਾਲ ਜਲੋਟਾ ਮੁਤਾਬਕ ਸਵੇਰੇ ਪੰਜ ਵਜੇ ਗੁਦਾਮ ਵਿੱਚ ਅੱਗ ਲੱਗਣ ਦੀ ਇਤਲਾਹ ਮਿਲਣ ਮਗਰੋਂ ਤੁਰੰਤ ਫਾਇਰ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਰਹੀਆਂ। ਦੱਸਿਆ ਜਾ ਰਿਹਾ ਹੈ ਕਿ ਦੋ ਦਰਜਨ ਤੋਂ ਵੱਧ ਪਾਣੀ ਵਾਲੇ ਟੈਂਕਰ ਅੱਗ ਬੁਝਾਉਣ ਲਈ ਛਿੜਕਾਏ ਗਏ। ਬਾਅਦ ਦੁਪਹਿਰ ਤੱਕ ਮੁਸ਼ਕਿਲ ਨਾਲ ਹੀ ਅੱਗ ’ਤੇ ਕਾਬੂ ਪੈ ਸਕਿਆ। ਅੱਗ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਵਿੱਤੀ ਤੌਰ ’ਤੇ ਪੀੜਤ ਧਿਰ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।