ਪੱਤਰ ਪੇ੍ਰਕ
ਸਮਾਣਾ, 27 ਅਕਤੂਬਰ
ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਪੰਜਾਬ ਵਿਚੋਂ ਗਊ ਤਸਕਰੀ ਹੁਣ ਵੀ ਜਾਰੀ ਹੈ। ਇਸੇ ਤਹਿਤ ਹਿੰਦੂ ਸੰਗਠਨਾਂ ਅਤੇ ਗਊ ਰੱਖਿਆ ਦਲ ਦੇ ਆਗੂਆਂ ਵੱਲੋਂ ਦਿੱਤੀ ਗਈ ਸੂਚਨਾ ਦੇ ਅਧਾਰ ’ਤੇ ਸਿਟੀ ਪੁਲਸ ਨੇ ਵਧੀਆ ਨਸਲ ਦੇ 14 ਬਲਦਾਂ ਨਾਲ ਭਰੇ ਇਕ ਟੱਰਕ ਨੂੰ ਕੰਡਕਟਰ ਸਣੇ ਕਾਬੂ ਕੀਤਾ ਹੈ। ਜਦੋਂ ਕਿ ਟਰੱਕ ਚਾਲਕ ਫਰਾਰ ਹੋ ਗਿਆ। ਟੱਰਕ ਚਾਲਕ ਦੀ ਪਛਾਣ ਸਾਗਰ ਨਿਵਾਸੀ ਰੁਦਰਪੁਰ (ਉਤਰਾਖੰਡ) ਅਤੇ ਕੰਡਕਟਰ ਦੀ ਪਛਾਣ ਸਾਕਿਰ ਪੁੱਤਰ ਇਕਬਾਲ ਨਿਵਾਸੀ ਮਨਸੂਰਪੁਰ ਜ਼ਿਲ੍ਹਾ ਮੁਜ਼ਫਰਨਗਰ (ਉਤਰ ਪ੍ਰਦੇਸ਼) ਵਜੋ ਹੋਈ। ਸਿਟੀ ਪੁਲੀਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਟੀ ਪੁਲੀਸ ਮੁੱਖੀ ਸਬ-ਇੰਸਪੈਕਟਰ ਸੁਰਿੰਦਰ ਭੱਲਾ ਨੇ ਦੱਸਿਆ ਕਿ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਪ੍ਰਵੀਨ ਸ਼ਰਮਾ ਅਤੇ ਗਊ ਰੱਖਿਆ ਦਲ ਦੇ ਰਾਜਨ ਲੂੰਬਾ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪੰਜਾਬ ਤੋਂ ਵਧੀਆ ਨਸਲ ਦੇ 14 ਬਲਦਾਂ ਨੂੰ ਉਤਰ ਪ੍ਰਦੇਸ਼ ਲਿਜਾਉਣ ਦੀ ਸੂਚਨਾ ਤੇ ਸਿਟੀ ਪੁਲੀਸ ਨੇ ਏ.ਐਸ.ਆਈ. ਪੂਰਨ ਸਿੰਘ ਦੀ ਅਗਵਾਈ ਵਿਚ ਬੰਦਾ ਸਿੰਘ ਬਹਾਦਰ ਚੌਕ ਵਿਚ ਕੀਤੀ ਗਈ ਨਾਕਾਬੰਦੀ ਦੌਰਾਨ ਤਰਪਾਲ ਨਾਲ ਪੂਰੀ ਤਰ੍ਹਾਂ ਢੱਕੇ ਹੋਏ ਟੱਰਕ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ ਵਿਚ ਤੁੰਨ-ਤੁੰਨ ਕੇ ਭਰੇ 14 ਵਧੀਆ ਨਸਲ ਦੇ ਬਲਦਾਂ ਨੂੰ ਬਰਾਮਦ ਕੀਤਾ ਜਿਨ੍ਹਾਂ ਨੂੰ ਸਰਕਾਰੀ ਗਊਸ਼ਾਲਾ ਗਾਜੀਪੁਰ ਭੇਜ ਦਿੱਤਾ ਹੈ।