ਪੱਤਰ ਪ੍ਰੇਰਕ
ਪਟਿਆਲਾ, 24 ਸਤੰਬਰ
ਪਟਿਆਲਾ ਵਿੱਚ ਵੀਰ ਹਕੀਕਤ ਰਾਏ ਗਰਾਊਂਡ ਵਿੱਚ ਮਨਾਏ ਜਾਂਦੇ ਦਸਹਿਰਾ ਦੇ ਤਿਉਹਾਰ ਸਮਾਗਮ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਤੇ ਸ਼ਿਵ ਸੈਨਾ ਆਹਮੋ-ਸਾਹਮਣੇ ਹੋ ਗਏ ਹਨ। ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਹੁੰਦਾ ਹੋਇਆ ਹਾਈਕੋਰਟ ਤੱਕ ਪੁੱਜ ਗਿਆ ਹੈ। ਪਰ ‘ਆਪ’ ਇਸ ਵਾਰ ਹਰ ਹਾਲ ਵਿਚ ਦਸਹਿਰੇ ਦਾ ਤਿਉਹਾਰ ਵੀਰ ਹਕੀਕਤ ਰਾਏ ਪਾਰਕ ਵਿਚ ਸਰਕਾਰੀ ਪੱਧਰ ਤੇ ਮਨਾਉਣ ਲਈ ਬਜ਼ਿਦ ਹੈ। ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਦੇ ਸੂਬਾ ਪ੍ਰਧਾਨ ਹਰੀਸ਼ ਸਿੰਗਲਾ ਨੇ ਕਿਹਾ, ‘ਮੈਂ 14 ਸਾਲਾਂ ਤੋਂ ਦਸਹਿਰੇ ਦਾ ਤਿਉਹਾਰ ਵੀਰ ਹਕੀਕਤ ਰਾਏ ਗਰਾਊਂਡ ਵਿਚ ਮਨਾਉਂਦਾ ਆ ਰਿਹਾ ਹਾਂ। ਅਸੀਂ ਪੁੱਡਾ ਤੋਂ 4500 ਰੁਪਏ ਫ਼ੀਸ ਭਰ ਕੇ ਦਸਹਿਰਾ ਮਨਾਉਣ ਦੀ ਇਜਾਜ਼ਤ ਵੀ ਲੈ ਲਈ ਹੈ, ਪਰ ਸਰਕਾਰ ਦੇ ਦਬਾਅ ਹੇਠ ਡੀਸ ਨੇ ਇਜਾਜ਼ਤ ਨਹੀਂ ਦਿੱਤੀ। ‘ਆਪ’ ਵੱਲੋਂ ਬਣਾਈ ਦਸਹਿਰਾ ਕਮੇਟੀ ਦੇ ਪ੍ਰਧਾਨ ਕਿਸ਼ਨ ਚੰਦ ਬੁੱਧੂ ਇਸ ਵਿਚ ਦਖ਼ਲਅੰਦਾਜ਼ੀ ਕਰ ਰਹੇ ਹਨ।’’ ਸਿੰਗਲਾ ਨੇ ਕਿਹਾ, ‘‘ਅਸੀਂ ਹਾਈਕੋਰਟ ਵਿਚ ਪਟੀਸ਼ਨ ਪਾਈ ਹੈ, ਜਿਸ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੋਮਵਾਰ ਨੂੰ ਜਵਾਬ ਦਾਖਲ ਕਰਨ ਲਈ ਨੋਟਿਸ ਹੋਇਆ ਹੈ। ਦੂਜੇ ਪਾਸੇ ‘ਆਪ’ ਦਸਹਿਰਾ ਕਮੇਟੀ ਦੇ ਪ੍ਰਧਾਨ ਕਿਸ਼ਨ ਚੰਦ ਬੁੱਧੂ ਨੇ ਕਿਹਾ, ‘‘ਅਸੀਂ ਪਹਿਲੀ ਵਾਰ ਵੀਰ ਹਕੀਕਤ ਰਾਏ ਪਾਰਕ ਵਿਚ ਦਸਹਿਰਾ ਮਨਾ ਰਹੇ ਹਾਂ। ਜੇਕਰ ਸਿੰਗਲਾ ਦਖ਼ਲ ਦੇਣਗੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਬਾਰੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਦਸਹਿਰਾ ਮਨਾਉਣ ਦੀ ਇਜਾਜ਼ਤ ਕਿਸ ਨੂੰ ਦੇਣੀ ਹੈ, ਉਹ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਖਣਾ ਹੈ।