ਪੱਤਰ ਪ੍ਰੇਰਕ
ਪਟਿਆਲਾ, 17 ਅਕਤੂਬਰ
ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਦੇ ਦਫ਼ਤਰ ਵਿਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਕੇਕ ਕੱਟ ਕੇ ਖ਼ੁਸ਼ੀ ਮਨਾਈ ਗਈ। ਇਸ ਮੌਕੇ ਹਾਜ਼ਰ ਪਾਰਟੀ ਆਗੂਆਂ ਤੇ ਕਾਰਕੁਨਾਂ ਨੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ।
ਇਸ ਸਮੇਂ ਡਾ. ਬਲਬੀਰ ਸਿੰਘ ਨੇ ਭਗਵੰਤ ਮਾਨ ਦੀ ਸਰਕਾਰ ਦੇ ਪਹਿਲੇ ਸੱਤ ਮਹੀਨੇ ਦਾ ਰਿਪੋਰਟ ਬਾਰੇ ਗੱਲ ਕਰਦਿਆਂ ਦੱਸਿਆ ਕਿ ਦੇਸ਼ ਦੀ ਰਾਜਨੀਤੀ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੱਤਾ ਸੰਭਾਲਣ ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਪਾਰਟੀ ਨੇ ਆਪਣੇ ਸਾਰੇ ਵੱਡੇ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ।
ਉਨ੍ਹਾਂ ਨੇ ਪੰਜਾਬ ਨੂੰ ਕਰਜ਼ੇ ਵਿੱਚ ਧੱਕਣ ਲਈ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਜ਼ਿਆਦਾਤਰ ਨੇਤਾ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਰਹੇ ਹਨ। ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਦਿਆਂ ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਸੱਤ ਮਹੀਨਿਆਂ ਵਿੱਚ ਕਈ ਇਤਿਹਾਸਕ ਫ਼ੈਸਲੇ ਲਏ ਹਨ ਜੋ ਕਿ ਪਿਛਲੀਆਂ ਸਰਕਾਰਾਂ 70 ਸਾਲ ਦੇ ਸਾਸ਼ਨ ਵਿੱਚ ਵੀ ਨਹੀਂ ਲੈ ਸਕੀਆਂ।