ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਸਤੰਬਰ
ਨਗਰ ਨਿਗਮ ਪਟਿਆਲਾ ਵੱਲੋਂ ਅਲਾਟ ਕੀਤੇ ਬੂਥਾਂ ’ਚ ਕਥਿਤ ਘਪਲੇਬਾਜ਼ੀ ਦਾ ਦੋਸ਼ ਲਾਉਂਦਿਆਂ ਅੱਜ ਆਮ ਆਦਮੀ ਪਾਰਟੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਮੇਘ ਚੰਦ ਸ਼ੇਰਮਾਜਰਾ, ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਸਾਬਕਾ ਜ਼ਿਲ੍ਹਾ ਕਨਵੀਨਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਨੇ ਕਥਿਤ ਤੌਰ ’ਤੇ ਚਹੇਤੇ ਕਾਂਗਰਸੀਆਂ ਨੂੰ ਵੀਹ ਦੇ ਕਰੀਬ ਬੂਥ ਅਲਾਟ ਕੀਤੇ ਹਨ ਇਹ ਪੂਰੀ ਤਰ੍ਹਾਂ ਫ਼ਰਜ਼ੀ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਬੂਥਾਂ ਨੂੰ ਅਲਾਟ ਕਰਨ ਲਈ ਲੋੜੀਂਦੀ ਪ੍ਰਕਿਰਿਆ ਨਹੀਂ ਅਪਣਾਈ ਗਈ ਅਤੇ ਫ਼ਰਜ਼ੀ ਤਰੀਕੇ ਨਾਲ ਇਹ ਬੂਥ ਅਲਾਟ ਕੀਤੇ ਗਏ ਹਨ। ਇਨ੍ਹਾਂ ਅਲਾਟ ਕੀਤੇ ਬੂਥਾਂ ਦਾ ਮਕਸਦ ਸ਼ਹਿਰ ਦੀਆਂ ਮੁੱਖ ਥਾਵਾਂ ਉਪਰ ਕਬਜ਼ੇ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਵੱਲੋਂ ਇਕ ਹਫ਼ਤੇ ਅੰਦਰ ਇਹ ਬੂਥਾਂ ਦੀ ਅਲਾਟਮੈਂਟ ਰੱਦ ਨਾ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਕੋਈ ਵੀ ਚਹੇਤਾ ਕਾਂਗਰਸੀ ਜਿਸ ਨੂੰ ਇਹ ਬੂਥ ਅਲਾਟ ਕੀਤੇ ਗਏ ਹਨ ਉਨ੍ਹਾਂ ਵੱਲੋਂ ਆਪਣੇ ਬੂਥ ਦੀ ਉਸਾਰੀ ਸ਼ੁਰੂ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਵੱਲੋਂ ਮੌਕੇ ’ਤੇ ਜਾ ਕੇ ਸੰਘਰਸ਼ ਕਰੇਗੀ ਅਤੇ ਬੂਥਾਂ ਦੀ ਉਸਾਰੀ ਕਿਸੇ ਹਾਲਤ ਨਹੀਂ ਹੋਣ ਦਿੱਤੀ ਜਾਵੇਗੀ। ਉਕਤ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ, ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਨਗਰ ਨਿਗਮ ਕਮਿਸ਼ਨਰ ਪੂਨਮ ਦੀਪ ਕੌਰ ਸਮੇਤ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਫ਼ਰਜ਼ੀ ਤਰੀਕੇ ਨਾਲ ਅਲਾਟ ਕੀਤੇ ਬੂਥਾਂ ਨੂੰ ਤੁਰੰਤ ਰੱਦ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ, ਰਸ਼ਿਵੰਦਰ ਜੈਜ਼ੀ, ਬਲਜਿੰਦਰ ਸਿੰਘ ਢਿੱਲੋਂ, ਪ੍ਰੋਫੈਸਰ ਸੁਮੇਰ ਸੀਰਾ ਅਤੇ ਪਾਰਟੀ ਦੀ ਹੋਰ ਆਗੂ ਮੌਜੂਦ ਸੀ।
ਨਗਰ ਨਿਗਮ ਦਾ ਕੰਮ ਜਾਇਜ਼: ਮੇਅਰ
ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੇਵਜ੍ਹਾ ਮੁੱਦੇ ਪੈਦਾ ਕਰ ਰਹੀ ਹੈ। ਅਸਲ ਵਿਚ ਨਗਰ ਨਿਗਮ ਵੱਲੋਂ ਜੋ ਵੀ ਕੀਤਾ ਜਾਂਦਾ ਹੈ ਉਹ ਜਾਇਜ਼ ਕੀਤਾ ਜਾਂਦਾ ਹੈ।