ਗੁਰਨਾਮ ਸਿੰਘ ਚੌਹਾਨ
ਪਾਤੜਾਂ, 21 ਜੁਲਾਈ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਸਰਗਰਮੀਆਂ ਨੇ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ ਹੈ। ਜ਼ਿਆਦਾਤਰ ਸਿਆਸੀ ਪਾਰਟੀਆਂ ਅੰਦਰਖਾਤੇ ਸਰਗਰਮੀਆਂ ਦੀ ਸ਼ੁਰੂਆਤ ਕਰ ਰਹੀਆਂ ਹਨ। ਹਲਕਾ ਸ਼ੁਤਰਾਣਾ ਤੋਂ ‘ਆਪ’ ਦੇ ਸੰਭਾਵੀ ਉਮੀਦਵਾਰਾਂ ਨੇ ਹਲਕੇ ਅੰਦਰ ਖੁੱਲ੍ਹੇਆਮ ਚੋਣ ਸਰਗਰਮੀਆਂ ਦਾ ਆਗਾਜ਼ ਕਰਕੇ ਬਾਜ਼ੀ ਮਾਰ ਲਈ ਹੈ। ਚੋਣ ਲੜਨ ਦੇ ਚਾਹਵਾਨਾਂ ਨੇ ਚੋਣ ਪ੍ਰਚਾਰ ਦੀ ਤਰਜ਼ ’ਤੇ ਮੁਨਾਦੀ ਕਰਾਉਣ ਦਾ ਕੰਮ ਚਲਾ ਦਿੱਤਾ ਹੈ। ਹਲਕਾ ਸ਼ੁਤਰਾਣਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀ ਸੂਚੀ ਵਿੱਚ ਕਈ ਨਾਮ ਹਨ, ਪਰ ਸਿੱਧੇ ਰੂਪ ਵਿੱਚ ਤਿੰਨ ਆਗੂ ਟਿਕਟ ਪ੍ਰਾਪਤੀ ਦੀ ਦੌੜ ਵਿੱਚ ਲੱਗੇ ਹੋਏ ਹਨ। ਭਾਵੇਂ ਇਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਹਲਕੇ ਅੰਦਰ ਹੇਠਲੇ ਪੱਧਰ ਉੱਤੇ ਸਰਗਰਮੀਆਂ ਜਾਰੀ ਸਨ, ਪਰ ਹੁਣ ਤਿੰਨਾਂ ਆਗੂਆਂ ਵੱਲੋਂ ਬਕਾਇਦਾ ਗੱਡੀਆਂ ਉੱਤੇ ਸਪੀਕਰ ਬੰਨ੍ਹ ਕੇ ਪਿੰਡਾਂ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਚੱਲਦੀ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਦੇ ਨਾਲ ਨਾਲ ਸੂਬੇ ਅੰਦਰ ਮਹਿੰਗੀ ਬਿਜਲੀ ਦੇ ਮੁੱਦੇ ਉੱਤੇ ਸੱਤਾ ਦੀ ਚੋਣ ਮਗਰੋਂ ਤਿੰਨ ਸੌ ਯੂਨਿਟ ਬਿਜਲੀ ਮੁਆਫ਼ ਕਰਨ ਦੇ ਕੀਤੇ ਗਏ ਐਲਾਨ ਅਤੇ ਬਜ਼ੁਰਗਾਂ ਵਿਧਵਾਵਾਂ ਨੂੰ ਪੈਨਸ਼ਨਾਂ ਵਰਗੇ ਮੁੱਦਿਆਂ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਟਿਕਟ ਦੇ ਦਾਅਵੇਦਾਰਾਂ ਵਿੱਚੋਂ ‘ਆਪ’ ਆਗੂ ਨਰੈਣ ਸਿੰਘ ਨਰਸੋਤ ਕੁਝ ਮਹੀਨੇ ਪਹਿਲਾਂ ਰੇਲਵੇ ਪੁਲੀਸ ਵਿੱਚੋਂ ਬਤੌਰ ਸਬ ਇੰਸਪੈਕਟਰ ਸੇਵਾਮੁਕਤ ਹੋ ਕੇ ਰਾਜਨੀਤੀ ਵਿੱਚ ਆਏ ਹਨ। ਨਰਸੋਤ ਵੱਲੋਂ ਕੀਤੀਆਂ ਰਾਜਨੀਤਕ ਸਰਗਰਮੀਆਂ ਤਹਿਤ ਪਿੰਡਾਂ ਵਿੱਚ ਮੀਟਿੰਗਾਂ ਤੇ ਫਲੈਕਸ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ‘ਆਪ’ ਦੇ ਅਨੁਸੂਚਿਤ ਜਾਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਬਾਜ਼ੀਗਰ ਜੋ ਅੰਨਾ ਹਜ਼ਾਰੇ ਅੰਦੋਲਨ ਦੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਹੋਣ ਕਰਕੇ ਉਨ੍ਹਾਂ ਦੀ ‘ਆਪ’ ਵਾਲੰਟੀਅਰਾਂ ਵਿੱਚ ਚੰਗੀ ਪਛਾਣ ਹੈ। ਉਹ ਪਾਰਟੀ ਦੇ ਹਲਕੇ ਵਿੱਚ ਇਕਲੌਤੇ ਸਰਪੰਚ ਹਨ। ਰਾਜ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਪੁੱਤ ਹਰਸ਼ਦੀਪ ਸਿੰਘ ਲਾਡੀ ਘੱਗਾ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਤੋਂ ਟਿਕਟ ਪ੍ਰਾਪਤੀ ਲਈ ਹੱਥ ਪੈਰ ਮਾਰ ਰਿਹਾ ਹੈ।