ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੀ ਆਕਸੀਮੀਟਰ ਵੰਡਣ ਦੀ ਗਤੀਵਿਧੀ ਦਾ ਵਿਰੋਧ ਕਰਨ ਦੇ ਬਾਵਜੂਦ ਅੱਜ ਇੱਥੇ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸੱਦੇ ’ਤੇ ਆਕਸੀਮੀਟਰ ਨਾਲ ਲੋਕਾਂ ਦੀ ਨਬਜ਼ ਟਟੋਲੀ। ਇਸ ਦੌਰਾਨ ਜ਼ਿਲ੍ਹੇ ਭਰ ਵਿਚ ਆਪ ਆਗੂਆਂ ਨੇ ਵੱਖ-ਵੱਖ ਥਾਵਾਂ ’ਤੇ ਜਾ ਕੇ ਲੋਕਾਂ ਦੀ ਆਕਸੀਜਨ ਅਤੇ ਦਿਲ ਦੀ ਧੜਕਣ ਚੈੱਕ ਕੀਤੀ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਬਾਰਾਂਦਰੀ ਗਾਰਡਨ ਅਤੇ ਹੋਰ ਥਾਵਾਂ ’ਤੇ ਜਾ ਕੇ ਆਕਸੀਮੀਟਰ ਨਾਲ ਆਕਸੀਜਨ ਚੈੱਕ ਕਰਕੇ ਲੋਕਾਂ ਨੂੰ ਕੋਵਿਡ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਦੌਰਾਨ ਆਪ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਕਸਦ ਹੈ ਕਿ ਲੋਕਾਂ ਦੇ ਦਿਲਾਂ ਵਿੱਚੋਂ ਕਰੋਨਾਵਾਇਰਸ ਦਾ ਡਰ ਕੱਢਣਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਮਾੜੇ ਪ੍ਰਬੰਧਾਂ ਕਾਰਨ ਹੁਣ ਲੋਕਾਂ ਦੇ ਦਿਲਾਂ ਅੰਦਰ ਦੋਹਰੀ ਦਹਿਸ਼ਤ ਪੈਦਾ ਹੋ ਗਈ ਹੈ। ਇਕ ਪਾਸੇ ਜਿੱਥੇ ਕਰੋਨਾ ਵਾਇਰਸ ਨੂੰ ਲੈ ਕੇ ਲੋਕ ਦਹਿਸ਼ਤ ਵਿੱਚ ਹਨ, ਉੱਥੇ ਹੀ ਸਰਕਾਰੀ ਹਸਪਤਾਲਾਂ ਵਿੱਚ ਸਫ਼ਾਈ ਅਤੇ ਹੋਰ ਪ੍ਰਬੰਧ ਕਾਰਨ ਹੋ ਰਹੀਆਂ ਵੀਡੀਓ ਵਾਇਰਲ ਕਾਰਨ ਹੁਣ ਲੋਕ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਾਉਣ ਤੋਂ ਵੀ ਕੰਨੀ ਕਤਰਾ ਰਹੇ ਹਨ।
ਗੋਗੀਆ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਣ ਲੋਕਾਂ ਦਾ ਸਰਕਾਰੀ ਹਸਪਤਾਲਾਂ ਤੇ ਵਿਸ਼ਵਾਸ ਬਣਾਉਣਾ ਪਏਗਾ ਤਾਂ ਹੀ ਲੋਕਾਂ ਅੰਦਰ ਸਹਿਮ ਘਟ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀ ਕਾਂਗਰਸ ਸਰਕਾਰ ਖ਼ੁਦ ਆਪ ਦੀ ਆਕਸੀਮੀਟਰ ਮੁਹਿੰਮ ਦਾ ਵਿਰੋਧ ਕਰਦੀ ਸੀ, ਉਹ ਹੁਣ ਖ਼ੁਦ ਹੀ ਆਕਸੀਮੀਟਰ ਕਿੱਟਾਂ ਵੰਡਣ ਦੀ ਤਿਆਰੀ ਕਰ ਰਹੀ ਹੈ।
ਇਸ ਮੌਕੇ ਕੁੰਦਨ ਗੋਗੀਆ ਤੋਂ ਇਲਾਵਾ ਅਮਿਤ ਡਾਬੀ, ਹਰੀਸ਼ ਨਰੂਲਾ, ਵਿਨੇ ਕੁਮਾਰ, ਸੁਸ਼ੀਲ ਮਿੱਡਾ, ਹੇਮੰਤ ਸੁਨਾਰਿਆ, ਅਸ਼ੋਕ ਕੁਮਾਰ, ਜੀਵਨ ਸਿੰਘ ਲਹੌਰੀਆ, ਸਿਮਰਨਜੀਤ ਸਿੰਘ ਸਹੋਤਾ, ਡਾ. ਪ੍ਰੇਮ ਢਿੱਲੋਂ, ਪੁਨੀਤ, ਵਿਕਰਮ ਸ਼ਰਮਾ ਅਤੇ ਅਮਿਤ ਵਿਕੀ ਹਾਜ਼ਰ ਸਨ।
ਪਿੰਡ ਧਰਮਗੜ੍ਹ ਵਿੱਚ ਆਕਸੀਜਨ ਜਾਂਚ ਕੇਂਦਰ ਦੀ ਸ਼ੁਰੂਆਤ
ਘਨੌਰ (ਗੁਰਪ੍ਰੀਤ ਸਿੰਘ): ਆਮ ਆਦਮੀ ਪਾਰਟੀ ਵੱਲੋਂ ਹਲਕਾ ਘਨੌਰ ਦੇ ਪਿੰਡਾਂ ਵਿੱਚ ਹਲਕਾ ਵਾਸੀਆਂ ਦੀ ਸਿਹਤ ਸਬੰਧੀ ਜਾਂਚ ਕਰਨ ਲਈ ਆਰੰਭੀ ਗਈ ‘ਆਕਸੀਮੀਟਰ’ ਸਕੀਮ ਤਹਿਤ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਸੰਧੂ ਨਰੜੂ ਵੱਲੋਂ ਪਿੰਡ ਧਰਮਗੜ੍ਹ ਕੁੱਥਾਖੇੜੀ ਵਿੱਚ ਆਕਸੀਜਨ ਜਾਂਚ ਕੇਂਦਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਹਾਸ਼ਮਪੁਰ, ਅਮਨ ਹਾਸ਼ਮਪੁਰ, ਬਲਜਿੰਦਰ ਸਿੰਘ ਅਬਦਲਪੁਰ, ਗੁਰਪ੍ਰੀਤ ਸਿੰਘ ਸ਼ੈਦਖੇੜੀ, ਗਗਨ ਘੱਗਰ ਸਰਾਏ ਸਮੇਤ ਹੋਰ ਆਗੂ ਵੀ ਮੌਜੂਦ ਸਨ। ਹਲਕਾ ਘਨੌਰ ਦੇ ਪਿੰਡ ਚਤਰਨਗਰ, ਨੌਗਾਵਾਂ, ਘੱਗਰ ਸਰਾਏ, ਲੋਹਾਖੇੜੀ ਸਮੇਤ ਅੱਧਾ ਦਰਜਨ ਤੋਂ ਵੱਧ ਪਿੰਡਾਂ ਦੇ ਪਾਰਟੀ ਵਾਲੰਟੀਅਰਾਂ ਨੂੰ ਨਰੜੂ ਵੱਲੋਂ ਔਕਸੀ ਮੀਟਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਪ੍ਰਤੀ ਪਿੰਡ ਇੱਕ ਵਾਲੰਟੀਅਰ ਨੂੰ ਇੱਕ ਆਕਸੀਮੀਟਰ ਦਿੱਤਾ ਜਾ ਰਿਹਾ ਹੈ। ਇਹ ਵਾਲੰਟੀਅਰ ਪਿੰਡ ਪੱਧਰ ਦੀ ਬੂਥ ਕਮੇਟੀਆਂ ਦੇ ਮੈਂਬਰਾਂ ਨੂੰ ਨਾਲ ਲੈ ਕੇ ਆਪੋ ਆਪਣੇ ਪਿੰਡਾਂ ਵਿੱਚ ਲੋਕਾਂ ਦੀ ਸਿਹਤ ਸਬੰਧੀ ਜਾਂਚ ਕਰਨਗੇ।