ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਜਨਵਰੀ
ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲੋਕਾਂ ਨੂੰ ਸਮਾਰਟ ਮੀਟਰਿੰਗ ਪ੍ਰਾਜੈਕਟ ਦੇ ਨਾਂਅ ’ਤੇ ਦਿੱਤੀ ਜਾਣ ਵਾਲੀ ਅਖੌਤੀ ਸਹੂਲਤ ਵਿਰੁੱਧ ਅੱਜ ਆਮ ਆਦਮੀ ਪਾਰਟੀ ਦੀ ਪਟਿਆਲਾ ਸ਼ਹਿਰੀ ਇਕਾਈ ਨੇ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਇਹ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਤੇਜਿੰਦਰ ਮਹਿਤਾ ਨੇ ਕਿਹਾ ਇਸ ਦੇ ਸਾਰੇ ਖ਼ਰਚੇ ਲੋਕਾਂ ਉੱਤੇ ਪਾਏ ਜਾ ਰਹੇ ਹਨ, ਅਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਇਕ ਪ੍ਰਾਈਵੇਟ ਕੰਪਨੀ ਨੂੰ ਇਸ ਦਾ ਠੇਕਾ ਦੇ ਕੇ ਬੀਐੱਸਐੱਨਐੱਲ ਦੀ ਥਾਂ ਵੋਡਾਫੋਨ ਨੂੰ ਇਸ ਦਾ ਕੰਮ ਦਿੱਤਾ ਜਾ ਰਿਹਾ ਹੈ। ਸ੍ਰੀ ਮਹਿਤਾ ਸਮੇਤ ਬਿਜਲੀ ਅੰਦੋਲਨ ਦੇ ਸ਼ਹਿਰੀ ਪ੍ਰਧਾਨ ਕੁੰਦਨ ਗੋਗੀਆ ਸਮੇਤ ਹੋ ਕਈ ਆਗੂਆਂ ਨੇ ਇੱਥੇ ਪ੍ਰਦਰਸ਼ਨ ਕਰਕੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਦੀ ਤਰਜ਼ ਤੇ ਲੋਕਾਂ ਨੂੰ ਬਿਜਲੀ ਦੀ ਸਹੂਲਤ ਦੇਵੇ। ਤੇਜਿੰਦਰ ਮਹਿਤਾ ਤੇ ਕੁੰਦਨ ਗੋਗੀਆ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਿੱਚ ਸਮਾਰਟ ਮੀਟਰਿੰਗ ਪ੍ਰਾਜੈਕਟ ਲਾਉਣ ਦੀ ਯੋਜਨਾ ਘੜੀ ਗਈ ਹੈ, ਜਿਸ ਲਈ 98000 ਸਮਾਰਟ ਮੀਟਰਾਂ ਦੀ ਖ਼ਰੀਦ ਵੀ ਕੀਤੀ ਜਾ ਚੁੱਕੀ ਹੈ, ਇਸ ਨਾਲ ਹੁਣ ਮੋਬਾਈਲ ਦੀ ਤਰ੍ਹਾਂ ਕੋਈ ਵੀ ਖਪਤਕਾਰ ‘ਪ੍ਰੀ-ਪੇਡ’ ਜਾਂ ‘ਪੋਸਟ-ਪੇਡ’ ਬਿਜਲੀ ਦੀ ਖਪਤ ਕਰੇਗਾ। ਇਸ ਸਕੀਮ ਤਹਿਤ ਬਿਜਲੀ ਦੇ ਵਾਧੂ ਖ਼ਰਚੇ ਪਾ ਕੇ ਲੋਕਾਂ ਦੀ ਜੇਬ ਉੱਤੇ ਡਾਕਾ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਤੇਜਿੰਦਰ ਮਹਿਤਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਸ ਸਮਾਰਟ ਮੀਟਰਿੰਗ ਪ੍ਰੋਜੈਕਟ ਪ੍ਰਤੀ ਵੱਡੇ ਪੱਧਰ ਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ, ਜੇ ਸਰਕਾਰ ਨੂੰ ਲੋਕਾਂ ਦੀ ਸਹੂਲਤ ਦੀ ਇੰਨੀ ਚਿੰਤਾ ਹੈ ਤਾਂ ਬਿਜਲੀ ਚੁਰਾਉਣ ਵਾਲੇ ਇਨ੍ਹਾਂ ਦੇ ਖ਼ੁਦ ਦੇ ਆਗੂਆਂ ਅਤੇ ਅਕਾਲੀ ਆਗੂਆਂ ਵਿਰੁੱਧ ਪਹਿਲ ਦੇ ਅਧਾਰ ’ਤੇ ਕਾਰਵਾਈ ਕਰੇ, ਜਿਸ ਦਾ ਖਰਚਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ, ਜੇਕਰ ਸਰਕਾਰ ਸਮਾਰਟ ਮੀਟਿਰਿੰਗ ਪ੍ਰੋਜੈਕਟ ਦੀ ਬਜਾਏ ਸੋਲਰ ਪੈਨਲ ਸਿਸਟਮ ਦੇ ਉੱਤੇ ਵਰਕ ਕਰਦੀ ਤਾਂ ਸ਼ਾਇਦ ਲੋਕਾਂ ਨੂੰ ਇਹ ਭਾਰੀ ਭਰਕਮ ਬਿਜਲੀ ਦੇ ਬਿਲਾਂ ਤੋਂ ਕੁਝ ਰਾਹਤ ਮਿਲ ਸਕਦੀ ਸੀ। ਸ੍ਰੀ ਗੋਗੀਆ ਨੇ ਕਿਹਾ ਕਿ ਬਿਜਲੀ ਦੇ ਸਮਾਰਟ ਮੀਟਰਾਂ ਦੇ ਨਾਂਅ ’ਤੇ ਲੋਕਾਂ ਤੋਂ ਜ਼ਬਰਦਸਤੀ ਸੱਤ ਹਜ਼ਾਰ ਰੁਪਏ ਠੱਗਣ ਦਾ ਕੰਮ ਕਰ ਰਹੀ ਕੈਪਟਨ ਸਰਕਾਰ ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਦਿੰਦਿਆਂ ਆਮ ਜਨਤਾ ਤੋਂ ਖ਼ਾਲੀ ਖ਼ਜ਼ਾਨੇ ਭਰਨ ਦਾ ਕੰਮ ਕਰ ਰਹੀ ਹੈ।