ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਜੁਲਾਈ
ਭਾਰੀ ਬਾਰਸ਼ ਕਰਕੇ ਪਟਿਆਲਾ ਸ਼ਹਿਰ ਜਲਥਲ ਹੋ ਗਿਆ। ਸ਼ਹਿਰ ਦੀਆਂ ਗਲੀਆਂ ’ਚ ਖੜ੍ਹੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪੰਜਾਬ ਸਰਕਾਰ, ਬੀਬੀ ਪਰਨੀਤ ਕੌਰ ਤੇ ਨਗਰ ਨਿਗਮ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਪਾਣੀ ’ਚ ਧਰਨਾ ਦੇ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜਦੋਂ ਪਾਣੀ ਲੰਘ ਜਾਂਦਾ ਹੈ ਉਦੋਂ ਬੀਬੀ ਪਰਨੀਤ ਕੌਰ ਤੇ ਮੇਅਰ ਦੌਰਾ ਕਰਨ ਲਈ ਆ ਜਾਂਦੇ ਹਨ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਕੁਝ ਘੰਟੇ ਬਾਰਸ਼ ਪੈਣ ਨਾਲ ਵੱਖ-ਵੱਖ ਥਾਵਾਂ ’ਤੇ ਪਾਣੀ ਭਰ ਗਿਆ। ਸ਼ਹਿਰ ਦੇ ਮੁੱਖ ਚੌਕ ਕੜਾਹ ਵਾਲਾ ਚੌਕ ’ਚ ਪਾਣੀ ਭਰਨ ਕਾਰਨ ਹਾਲਤ ਇਹ ਹਨ ਲੋਕਾਂ ਦੇ ਘਰਾਂ ’ਚ ਪਾਣੀ ਦਾਖਲ ਹੋ ਗਿਆ ਤੇ ਲੋਕ ਆਪਣੇ ਘਰ ਦੇ ਬਾਹਰ ਬੈਠ ਗਏ ਹਨ। ਜਿਨ੍ਹਾਂ ਨਾਲ ਸਾਨੂੰ ਵੀ ਪਾਣੀ ’ਚ ਹੀ ਧਰਨਾ ਦੇ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਕੇ ਕਹਿਣਾ ਪਿਆ ਕਿ ਸਰਕਾਰ ਸੁੱਤੀ ਪਈ ਹੈ। ਕੁੰਦਨ ਗੋਗੀਆ ਨੇ ਵੱਖਰੇ ਤੌਰ ’ਤੇ ਕਿਹਾ ਕਿ ਇਹ ਸਰਕਾਰ ਦੀ ਵੱਡੀ ਨਾਲਾਇਕੀ ਹੈ। ਮੈਂਬਰ ਲੋਕ ਸਭਾ ਪਰਨੀਤ ਕੌਰ ਤੇ ਨਗਰ ਨਿਗਮ ਮੇਅਰ ਸੰਜੀਵ ਸ਼ਰਮਾ ਬਿੱਟੂ ਬਰਸਾਤ ਦੇ ਮੌਸਮ ’ਚ ਪਾਣੀ ਭਰਨ ਤੋਂ ਬਾਅਦ ਡਰੇਨੇਜ ਸਿਸਟਮ ਬਾਰੇ ਵੱਡੇ ਬਿਆਨ ਦਿੰਦੇ ਹਨ ਪਰ ਕਿਸੇ ਨੇ ਵੀ ਅਸਲੀਅਤ ਨੂੰ ਜਾਣਨ ਦੀ ਹਿੰਮਤ ਨਹੀਂ ਕੀਤੀ। ਪਟਿਆਲਾ ਦਿਹਾਤੀ ’ਚੋਂ ਵੀ ਪ੍ਰਿ. ਜੇਪੀ ਸਿੰਘ, ਪ੍ਰੀਤੀ ਮਲਹੋਤਰਾ, ਮੇਜਰ ਮਲਹੋਤਰਾ, ਮੇਘ ਚੰਦ ਸ਼ੇਰ ਮਾਜਰਾ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਦੇ ਮੁੱਖ ਖੇਤਰ ਦੀ ਇਹ ਹਾਲਤ ਹੈ, ਤਾਂ ਬਾਕੀ ਸ਼ਹਿਰ ਦੀ ਸਥਿਤੀ ਕੀ ਹੋਵੇਗੀ।