ਖੇਤਰੀ ਪ੍ਰਤੀਨਿਧ
ਪਟਿਆਲਾ, 11 ਜੂਨ
ਇਸ ਸੀਜ਼ਨ ਦੌਰਾਨ ਮੰਡੀਆਂ ਵਿੱਚੋਂ ਬੋਰੀਆਂ ਦੀ ਚੁਕਾਈ ਦੇਰੀ ਨਾਲ ਹੋਣ ਕਰਕੇ ਗਰਮੀ ਵਿੱਚ ਲੰਮਾ ਸਮਾਂ ਪਲੇਟਫਾਰਮਾਂ ’ਤੇ ਹੀ ਪਈਆਂ ਰਹੀਆਂ ਬੋਰੀਆਂ ਦਾ ਵਜ਼ਨ ਘਟਣਾ ਸੁਭਾਵਕ ਹੈ ਪਰ ਪੰਜਾਬ ਸਰਕਾਰ ਘਟੇ ਵਜ਼ਨ ਦੀ ਜਿੰਮੇਵਾਰੀ ਆੜ੍ਹਤੀਆਂ ਸਿਰ ਪਾ ਰਹੀ ਹੈ। ਇਸ ਕਰਕੇ ਆੜ੍ਹਤੀਆਂ ਵਿੱਚ ਰੋਸ ਹੈ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਖਰੀਦ ਮਾਪਦੰਡਾਂ ਅਨੁਸਾਰ ਕਣਕ 12 ਪ੍ਰਤੀਸ਼ਤ ਨਮੀ ’ਤੇ ਖਰੀਦੀ ਜਾਂਦੀ ਹੈ। ਜੇਕਰ ਇਸ ਦੀ ਸਮੇਂ ਸਿਰ ਚੁਕਾਈ ਨਾ ਕੀਤੀ ਜਾਵੇ, ਤਾਂ ਕਣਕ ਦੀ ਨਮੀ 9 ਫੀਸਦੀ ਤੱਕ ਘਟ ਜਾਂਦੀ ਹੈ। ਇਸ ਸੀਜ਼ਨ ਗੁਦਾਮਾਂ ਵਿੱਚ ਲੇਬਰਾਂ ਦੀ ਕਮੀ ਹੋਣ ਕਰਕੇ ਹਫਤਿਆਂ ਬੱਧੀ ਕਣਕ ਦੀ ਚੁਕਾਈ ਨਹੀਂ ਹੋ ਸਕੀ ਜਿਸ ਕਰਕੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਬੋਰੀਆਂ ਦੀ ਚੋਰੀ ਸਮੇਤ ਹੋਰ ਨੁਕਸਾਨ ਵੀ ਸਹਿਣਾ ਪਿਆ ਪਰ ਖਰੀਦ ਏਜੰਸੀਆਂ ਨੇ ਜਾਣ-ਬੁੱਝ ਕੇ ਕਣਕ ਗੁਦਾਮਾਂ ਵਿੱਚ ਜਮ੍ਹਾਂ ਕਰਨ ਸਮੇਂ ਕਣਕ ਦੀ ਘਟੀ ਹੋਈ ਨਮੀ ਆਪਣੇ ਕਾਗਜ਼ਾਂ ਵਿੱਚ ਦਰਜ ਨਹੀਂ ਕੀਤੀ, ਸਗੋਂ ਇਸ ਘਟੇ ਵਜ਼ਨ ਦੀ ਜ਼ਿੰਮੇਵਾਰੀ ਆੜ੍ਹਤੀਆਂ ’ਤੇ ਪਾ ਕੇ ਆੜ੍ਹਤੀਆਂ ਦੇ ਲੱਖਾਂ ਰੁਪਏ ਰੋਕ ਲਏ ਹਨ। ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਹਰਿਆਣਾ ਦੀ ਤਰਜ਼ ’ਤੇ ਆੜ੍ਹਤੀਆਂ ਤੋਂ ਇਹ ਕਟੌਤੀ ਕੱਟਣ ’ਤੇ ਰੋਕ ਲਾਉਣੀ ਚਾਹੀਦੀ ਹੈ।