ਗੁਰਨਾਮ ਸਿੰਘ ਚੌਹਾਨ
ਪਾਤੜਾਂ, 5 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਜਥੇਬੰਦੀ ਦੇ ਵਰਕਰਾਂ ਨੇ ਘੱਗਾ ਦੀ ਅਨਾਜ ਮੰਡੀ ਵਿੱਚ ਪਹੁੰਚ ਕੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਝੋਨੇ ਦੀ ਖ਼ਰੀਦ ਸਬੰਧੀ ਮੁਸ਼ਕਿਲਾਂ ਸੁਣੀਆਂ। ਜਥੇਬੰਦੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਜਦੋਂ ਮੰਡੀ ਵਿੱਚ ਕੰਡਿਆਂ ਦੀ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਇੱਕ ਦੁਕਾਨ ’ਤੇ ਝੋਨੇ ਦੀ ਤੁਲਾਈ ਸਮੇਂ ਕੰਡੇ ਦੀ ਚੈਕਿੰਗ ਲਈ ਮਾਰਕੀਟ ਕਮੇਟੀ ਦੇ ਇੰਸਪੈਕਟਰ ਸਮੇਤ ਕਿਸਾਨ ਯੂਨੀਅਨ ਦੇ ਆਗੂ ਪਹੁੰਚੇ। ਇਸ ਦੌਰਾਨ ਆੜ੍ਹਤੀ ਅਤੇ ਤੁਲਾਈ ਦੇ ਕੰਮ ਵਿੱਚ ਲੱਗੇ ਮਜ਼ਦੂਰ ਕੰਡੇ ਦੇ ਵੱਟੇ ਲੈ ਕੇ ਚਲੇ ਗਏ। ਇਸ ਮਗਰੋਂ ਆੜ੍ਹਤੀ ਐਸੋਸੀਏਸ਼ਨ ਘੱਗਾ ਵੱਲੋਂ ਮੰਡੀ ਵਿੱਚ ਖ਼ਰੀਦ ਅਤੇ ਲਿਫਟਿੰਗ ਦਾ ਕੰਮ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਅਤੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਨੇ ਦੱਸਿਆ ਕਿ ਜਥੇਬੰਦੀ ਦੇ ਸੱਦੇ ’ਤੇ ਵਰਕਰ ਮੰਡੀ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਜਾਨਣ ਲਈ ਮੰਡੀ ਵਿੱਚ ਆਏ, ਜਥੇਬੰਦੀ ਦੇ ਆਗੂ ਵੱਲੋਂ ਕੰਡੇ ਦੀ ਕੀਤੀ ਚੈਕਿੰਗ ਦੌਰਾਨ ਇੱਕ ਦੁਕਾਨ ਉੱਤੇ 800 ਗ੍ਰਾਮ ਵੱਧ ਤੋਲੇ ਜਾਣ ਦਾ ਮਾਮਲਾ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਇੱਕ ਹੋਰ ਦੁਕਾਨ ’ਤੇ ਜਦੋਂ ਉਹ ਕੰਡੇ ਦੀ ਚੈਕਿੰਗ ਕਰਨ ਲਈ ਪਹੁੰਚੇ ਤਾਂ ਆੜ੍ਹਤੀ ਅਤੇ ਉਸਦੇ ਤੋਲੇ ਕੰੰਮ ਛੱਡ ਕੇ ਵੱਟੇ ਵੀ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਸਦ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਜਾਨਣ ਦੇ ਨਾਲ ਨਾਲ ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟਣ ਨੂੰ ਰੋਕਣਾ ਹੈ। ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਘੱਗਾ ਦੇ ਪ੍ਰਧਾਨ ਕੁਲਦੀਪ ਚੰਦ ਨੇ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ ਪਾਏ ਜਾ ਰਹੇ ਬੇਲੋੜੇ ਪ੍ਰੈੱਸ਼ਰ ਕਰਕੇ ਆੜ੍ਹਤੀ ਐਸੋਸੀਏਸ਼ਨ ਨੇ ਮੀਟਿੰਗ ਵਿੱਚ ਲਏ ਫ਼ੈਸਲੇ ਅਨੁਸਾਰ ਖ਼ਰੀਦ ਅਤੇ ਲਿਫਟਿੰਗ ਦਾ ਕੰਮ ਅਣਮਿੱਥੇ ਸਮੇਂ ਤੱਕ ਬੰਦ ਕੀਤਾ ਹੈ।