ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 3 ਜੁਲਾਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਰਮੀ ਵਾਰ ਕਾਲਜ ਮਊ (ਮੱਧ ਪ੍ਰਦੇਸ਼) ਨਾਲ ਇਕ ਵਿਸ਼ੇਸ਼ ਅਕਾਦਮਿਕ ਇਕਰਾਰਨਾਮਾ ਕੀਤਾ ਗਿਆ। ਇਹ ਇਕਰਾਰਨਾਮਾ ਪੰਜਾਬੀ ਯੂਨੀਵਰਸਿਟੀ ਦੇ ਸੁਰੱਖਿਆ ਅਤੇ ਯੁੱਧ ਨੀਤੀ ਵਿਭਾਗ ਰਾਹੀਂ ਨੇਪਰੇ ਚੜ੍ਹਿਆ ਹੈ। ਇਸ ਇਕਰਾਰਨਾਮੇ ਦੀ ਰਸਮੀ ਕਰਵਾਈ ਲਈ ਆਨਲਾਈਨ ਵਿਧੀ ਰਾਹੀਂ ਕਰਵਾਏ ਇਕ ਸੰਖੇਪ ਸਮਾਗਮ ਦੌਰਾਨ ਆਰਮੀ ਵਾਰ ਕਾਲਜ ਮਊ ਦੇ ਕਮਾਂਡੈਂਟ ਲੈਫਟੀਨੈਂਟ ਜਨਰਲ ਵੀ. ਐੱਸ. ਸ੍ਰੀ ਨਿਵਾਸ ਅਤੇ ਡਾਇਰੈਕਟਿੰਗ ਸਟਾਫ, ਹਾਇਰ ਕਮਾਂਡ ਵਿੰਗ, ਬ੍ਰਿਗੇਡੀਅਰ ਪਰਵਿੰਦਰ ਸਿੰਘ ਵਿਸ਼ੇਸ਼ ਰੂਪ ਵਿੱਚ ਜੁੜੇ। ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਡਾ. ਅਰਵਿੰਦ ਅਤੇ ਸੁਰੱਖਿਆ ਅਤੇ ਯੁੱਧ ਨੀਤੀ ਵਿਭਾਗ ਦੇ ਮੁਖੀ ਡਾ. ਉਮਰਾਓ ਸਿੰਘ ਵੱਲੋਂ ਦਸਤਖਤ ਕੀਤੇ ਗਏ। ਇਕਰਾਰਨਾਮਾ ਦਸਤਖ਼ਤ ਕੀਤੇ ਜਾਣ ਦੀ ਇਸ ਰਸਮੀ ਕਾਰਵਾਈ ਵਿਚ ਡੀਨ ਅਕਾਦਮਿਕ ਮਾਮਲੇ ਡਾ. ਬਲਵੀਰ ਸਿੰਘ ਸੰਧੂ ਵੱਲੋਂ ਸਵਾਗਤੀ ਭਾਸ਼ਣ ਦਿੱਤਾ ਗਿਆ। ਵਾਈਸ ਚਾਂਸਲਰ ਡਾ. ਅਰਵਿੰਦ ਨੇ ਸੰਬੋਧਨ ਕਰਦਿਆਂ ਇਸ ਇਕਰਾਰਨਾਮੇ ਦੀ ਅਹਿਮੀਅਤ ਬਾਰੇ ਗੱਲਬਾਤ ਕੀਤੀ। ਡਾ. ਉਮਰਾਓ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਸੁਰੱਖਿਆ ਅਤੇ ਯੁੱਧਨੀਤੀ ਬਾਰੇ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸ ਕਰਵਾਇਆ ਜਾਣਾ ਹੈ।