ਪੱਤਰ ਪ੍ਰੇਰਕ
ਦੇਵੀਗੜ੍ਹ, 15 ਸਤੰਬਰ
ਪਿੰਡ ਰਾਮ ਨਗਰ ਚੂੰਨੀਵਾਲਾ ਵਿੱਚ ਪਿੰਡ ਦੇ ਕੁਝ ਲੋਕਾਂ ਦਰਸ਼ਨ ਸਿੰਘ, ਕਰਮ ਚੰਦ, ਊਸ਼ਾ ਰਾਣੀ, ਕਰਮਜੀਤ ਰਾਮ, ਰੇਖਾ ਰਾਣੀ, ਨੀਤੂ ਨੇ ਪਿੰਡ ਦੇ ਦੋ ਡਿੱਪੂ ਹੋਲਡਰਾਂ ’ਤੇ ਕੁਝ ਲੋੜਵੰਦ ਖ਼ਪਤਕਾਰਾਂ ਨੂੰ ਮੁਫਤ ਵਾਲੀ ਕਣਕ ਨਾ ਦੇਣ ਦਾ ਦੋਸ਼ ਲਗਾਇਆ ਹੈ। ਖ਼ਪਤਕਾਰਾਂ ਦਾ ਕਹਿਣਾ ਹੈ ਕਿ ਡਿੱਪੂ ਹੋਲਡਰ ਜਾਣ- ਬੁੱਝ ਕੇ ਗਰੀਬਾਂ ਨੂੰ ਡਿੱਪੂ ਵਾਲੀ ਕਣਕ ਨਹੀਂ ਦਿੰਦੇ ਜਿਸ ਕਰ ਕੇ ਉਹ ਲੋਕ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਣਕ ਡਿੱਪੂ ਹੋਲਡਰ ਦੇ ਘਰ ਕਣਕ ਪਈ ਹੋਣ ਦੇ ਬਾਵਜੂਦ ਉਹ ਖ਼ਪਤਕਾਰਾਂ ਨੂੰ ਨਹੀਂ ਦਿੰਦੇ ਅਤੇ ਕਹਿੰਦੇ ਹਨ ਕਿ ਅੱਜ ਮਸ਼ੀਨ ਖਰਾਬ ਹੈ ਪਰ ਆਪਣੇ ਚਹੇਤਿਆਂ ਦੇ ਘਰਾਂ ਵਿੱਚ ਜਾ ਕੇ ਪਰਚੀਆਂ ਕੱਟ ਕੇ ਆਉਂਦੇ ਹਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਡਿੱਪੂ ਹੋਲਡਰ ਉਨ੍ਹਾਂ ਲੋਕਾਂ ਨੂੰ ਕਣਕ ਦਿੰਦੇ ਹਨ ਜੋ ਲੋਕ ਨੰਬਰਦਾਰੀ ਵਿੱਚ ਖੜ੍ਹੇ ਉਨ੍ਹਾਂ ਦੀ ਹਮਾਇਤ ਵਾਲੇ ਵਿਅਕਤੀ ਨੂੰ ਵੋਟ ਪਾਵੇਗਾ। ਪਿੰਡ ਵਾਲਿਆਂ ਨੇ ਮਹਿਕਮਾ ਖੁਰਾਕ ਸਪਲਾਈ ਕੋਲ ਦੋਹਾਂ ਡਿੱਪੂ ਹੋਲਡਰਾਂ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਤੇ ਦੋਵੇਂ ਡਿੱਪੂ ਹੋਲਡਰਾਂ ਨੂੰ ਬਦਲਣ ਦੀ ਮੰਗ ਕੀਤੀ ਸੀ। ਸ਼ਿਕਾਇਤ ਮਗਰੋਂ ਅੱਜ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਮੋਨਿਕਾ ਅਤੇ ਅਮਨਦੀਪ ਪਿੰਡ ਵਿੱਚ ਪਹੁੰਚੇ ਸਨ, ਜਿਨ੍ਹਾਂ ਨੇ ਖ਼ਪਤਕਾਰਾਂ ਦੇ ਬਿਆਨ ਦਰਜ ਕੀਤੇ ਹਨ, ਜਿਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।
ਕੇਂਦਰ ਵੱਲੋਂ ਕੱਟ ਲੱਗਣ ਕਰ ਕੇ ਕੁਝ ਖ਼ਪਤਕਾਰਾਂ ਨੂੰ ਕਣਕ ਨਹੀਂ ਮਿਲੀ: ਡਿੱਪੂ ਹੋਲਡਰ
ਡਿੱਪੂ ਹੋਲਡਰ ਸਤਪਾਲ ਅਤੇ ਹਰਚੰਦ ਨੇ ਕਿਹਾ ਕਿ ਉਹ ਬਿਨਾਂ ਕਿਸੇ ਪੱਖਪਾਤ ਤੋਂ ਕਣਕ ਲੋੜਵੰਦਾਂ ਨੂੰ ਵੰਡ ਰਹੇ ਹਨ। ਜਦੋਂ ਕਿਤੇ ਮਹਿਕਮੇ ਵੱਲੋਂ ਕੱਟ ਲਾ ਕੇ ਕਣਕ ਭੇਜੀ ਜਾਂਦੀ ਹੈ ਤਾਂ ਫਿਰ ਕੁਝ ਲੋਕ ਕਣਕ ਤੋਂ ਵਾਂਝੇ ਰਹਿ ਜਾਂਦੇ ਹਨ। ਸਤਪਾਲ ਨੇ ਕਿਹਾ ਕਿ ਪਹੁੰਚ ਵਾਲੇ ਕੁਝ ਲੋਕ ਕਣਕ ਲੈ ਜਾਂਦੇ ਹਨ। ਉਸ ਨੇ ਕਿਹਾ, ‘‘ਜਿਹੜੇ ਲੋਕ ਮੇਰੀ ਸ਼ਿਕਾਇਤ ਕਰਦੇ ਹਨ ਉਨ੍ਹਾਂ ਕੋਲ ਅਰਬਾਂ ਰੁਪਏ ਦੀਆਂ ਜਾਇਦਾਦਾਂ ਹਨ, ਵੱਡੀਆਂ ਵੱਡੀਆਂ ਕੋਠੀਆਂ, ਗੱਡੀਆਂ ਕੋਲ ਹਨ ਅਤੇ ਕੁਝ ਦੇ ਮੁੰਡੇ ਵਿਦੇਸ਼ਾਂ ਵਿੱਚ ਗਏ ਹਨ ਫਿਰ ਵੀ ਗਰੀਬਾਂ ਵਾਲੀ ਕਣਕ ਲੈਂਦੇ ਹਨ, ਬੁਢਾਪਾ ਪੈਨਸ਼ਨ ਲੈਂਦੇ ਹਨ, ਲੇਬਰ ਦੀਆਂ ਕਾਪੀਆਂ ਬਣਾਈਆਂ ਹੋਈਆਂ ਹਨ। ਜਿਸ ਦੀ ਮੈਂ ਮਹਿਕਮੇ ਪਾਸ ਸ਼ਿਕਾਇਤ ਕੀਤੀ ਹੈ ਅਤੇ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ ਜਿਸ ਕਰ ਕੇ ਮੇਰੇ ਨਾਲ ਇਹ ਲੋਕ ਖੁੰਦਕ ਖਾਂਦੇ ਹਨ। ਬਾਕੀ ਸਬੰਧਤ ਮਹਿਕਮਾ ਜੋ ਵੀ ਜਵਾਬ ਮੰਗੇਗਾ ਮੈਂ ਉਸ ਦਾ ਜਵਾਬ ਦੇਵਾਂਗਾ।’’