ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 12 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਅਧਿਆਪਕਾਂ, ਮੁਲਾਜ਼ਮਾਂ ਤੇ ਪੈਨਸ਼ਨਰਜ਼ ਵੱਲੋਂ ਲੰਘੇ ਦਿਨਾਂ ਤੋਂ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ 78ਵੇਂ ਦਿਨ ਵੀ ਜਾਰੀ ਪਰ ਧਰਨਕਾਰੀਆਂ ਦੀਆਂ ਮੰਗਾਂ ਤੇ ਮਸਲਿਆਂ ’ਤੇ ਯੂਨੀਵਰਸਿਟੀ ਅਥਾਰਿਟੀ ਹਾਲੇ ਤਾਈਂ ਗੰਭੀਰ ਨਹੀਂ ਹੋਈ, ਜਿਸ ਤੋਂ ਪ੍ਰਦਰਸ਼ਨਕਾਰੀ ਧਿਰਾਂ ਵਿੱਚ ਬਹੁਤ ਗੁੱਸਾ ਹੈ। ਰੋਜ਼ਮਰਾ ਹੀ ਦੁਪਹਿਰ ਦੌਰਾਨ ਦਿੱਤੇ ਜਾ ਰਹੇ ਇਸ ਧਰਨੇ ’ਚੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਗ੍ਰਾਂਟ ਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਦੀ ਆਵਾਜ਼ ਚੁੱਕੀ ਜਾ ਰਹੀ ਹੈ। ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ, ਸਕੱਤਰ ਡਾ. ਅਵਨੀਤ ਪਾਲ ਸਿੰਘ, ਏ-ਕਲਾਸ ਅਫ਼ਸਰ ਐਸ਼ੋਸੀਏਸ਼ਨ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਬੱਬੀ, ਪੈਨਸ਼ਨਰ ਐਸੋਸ਼ੀਏਸ਼ਨ ਦੇ ਪ੍ਰਧਾਨ ਆਜ਼ਾਦ ਸਿੰਘ, ਪੂਟਾ ਕਾਰਜਕਾਰਨੀ ਮੈਂਬਰ ਡਾ. ਖੁਸ਼ਦੀਪ ਗੋਇਲ, ਡਾ. ਰਜਿੰਦਰ ਸਿੰਘ, ਡਾ. ਪਰਨੀਤ ਕੌਰ ਤੇ ਡਾ. ਪਰਮਵੀਰ ਸਿੰਘ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਜੁਆਇੰਟ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਦੇ ਆਈਏਐੱਸ ਅਧਿਕਾਰੀਆਂ ਦੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਸਬੰਧੀ ਰੈਸ਼ਨਾਈਲਾਈਜੈਸਨ ਦੀ ਆੜ ’ਚ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਨੀਅਤ ਦਾ ਸਖਤ ਸ਼ਬਦਾਂ ’ਚ ਖੰਡਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਮੁਲਾਜ਼ਮ ਦੀ ਯੂਨੀਵਰਸਿਟੀ ਵਿਚੋਂ ਛਾਂਟੀ ਨਹੀਂ ਹੋਣ ਦਿੱਤੀ ਜਾਵੇਗੀ। ਆਗੂਆਂ ਆਖਿਆ ਕਿ ਯੂਨੀਵਰਸਿਟੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਵਿੱਤੀ ਘਾਟਾ ਹੈ ਜੋ ਪੰਜਾਬ ਸਰਕਾਰ ਵੱਲੋਂ ਅਨੁਪਾਤ ਅਨੁਸਾਰ ਦਿੱਤੀ ਗ੍ਰਾਂਟ ਤੋਂ ਬਿਨਾਂ ਹੱਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਯੂਨੀਵਰਸਿਟੀ ਵਿੱਚੋਂ ਕੱਢਣ ਦੀ ਬਜਾਏ ਵਿੱਤੀ ਗ੍ਰਾਂਟ ਦਾ ਪ੍ਰਬੰਧ ਕਰੇ ਨਹੀਂ ਤਾਂ ਜੁਆਇੰਟ ਐਕਸ਼ਨ ਕਮੇਟੀ ਆਪਣੀਆਂ ਮੰਗਾਂ ਨੂੰ ਲੈ ਕੇ ਤਿੱਖੇ ਰੂਪਾਂ ਵਿੱਚ ਸੰਘਰਸ਼ ਕਰਦੀ ਰਹੇਗੀ। ਉਧਰ, ਏ ਕਲਾਸ ਅਫਸਰ ਐਸੋਸੀਏਸ਼ਨ ਤੇ ਈ.ਡੀ.ਐਫ਼ ਵੱਲੋਂ ਵੀ ਵੱਖਰੇ ਤੌਰ ’ਤੇ ਵੀ ਰੋਸ ਧਰਨਾ ਦਿੱਤਾ ਜਾ ਰਿਹਾ ਹੈ।
ਗੈਸਟ ਫੈਕਲਟੀ ਅਧਿਆਪਕਾਂ ਦਾ ਧਰਨਾ ਭੁੱਖ ਹੜਤਾਲ ’ਚ ਤਬਦੀਲ
ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਆਪਣੀਆਂ ਸੇਵਾਵਾਂ 12 ਮਹੀਨੇ ਕਰਵਾਉਣ ਤੇ ਪਿਛਲੇ ਇਕ ਸਾਲ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਸਬੰਧੀ ਪੰਜਾਬੀ ਯੂਨੀਵਰਸਿਟੀ ਕੈਂਪਸ ‘ਚ ਅਣਮਿੱਥੇ ਦੇ ਵਿੱਢੇ ਰੋਸ ਧਰਨੇ ਦੇ ਅੱਜ ਸਤਾਰਵੇਂ ਦਿਨ ਘੋਲ ਨੂੰ ਹੋਰ ਪ੍ਰਚੰਡ ਕਰਨ ਲਈ ਲੜੀਵਾਰ ਭੁੱਖ ਹੜਤਾਲ ਵੀ ਵਿੱਢ ਦਿੱਤੀ ਗਈ। ਸੰਘਰਸ਼ ਅਧਿਆਪਕਾਂ ਨੇ ਅੱਜ ਵਾਈਸ ਚਾਂਸਲਰ ਦਫ਼ਤਰ ਤੋਂ ਡੀਨ ਅਕਾਦਮਿਕ ਦਫ਼ਤਰ ਤੱਕ ਨਾਅਰੇਬਾਜੀ ਕਰਦਿਆਂ ਆਪਣੀਆਂ ਮੰਗਾਂ ਨੂੰ ਹੋਰ ਉਭਾਰਨ ਦੀ ਜ਼ੋਰਦਾਰ ਕੋਸ਼ਿਸ਼ ਕੀਤੀ। ਲੜੀਵਾਰ ਭੁੱਖ ਹੜਤਾਲ ਦੇ ਅੱਜ ਪਹਿਲੇ ਦਿਨ ਯੂਨੀਵਰਸਿਟੀ ਕਾਲਜ ਜੈਤੋਂ ਤੋਂ ਅਧਿਆਪਕ ਸੁਸ਼ਮਾ ਤੇ ਯੂਨੀਵਰਸਿਟੀ ਕਾਲਜ ਮੂਨਕ ਤੋਂ ਪਵਨ ਕੁਮਾਰ ਭੁੱਖ ਹੜਤਾਲ਼ ’ਤੇ ਬੈਠੇ। ਗੈਸਟ ਫੈਕਲਟੀ ਯੂਨੀਅਨ ਦੇ ਸਮਰਥਨ ’ਚ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਵਲੋਂ ਗੈਸਟ ਫੈਕਲਟੀ ਯੂਨੀਅਨ ਦੇ ਸਮਰਥਨ ’ਚ ਉਪ ਕੁਲਪਤੀ ਤੇ ਕੁਲਪਤੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਯੂਨੀਅਨ ਦੀਆਂ ਮੰਗਾਂ ਮੰਨਣ ਲਈ ਪੱਤਰ ਸੌਂਪਿਆ ਗਿਆ। ਡੀਟੀਐੱਫ ਦਿਗਵਿਜੇ ਪਾਲ ਸ਼ਰਮਾ ਫਰੰਟ ਵੱਲੋਂ ਸੰਘਰਸ਼ ਦਾ ਸਮਰਥਨ ਕੀਤਾ ਗਿਆ ਤੇ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਗਿਆ।