ਪਟਿਆਲਾ (ਪੱਤਰ ਪ੍ਰੇਰਕ): ਹਿੰਦੀ ਫ਼ਿਲਮ ‘ਮੰਥਨ’ ਵਿੱਚ ਸਮਿਤਾ ਪਾਟਿਲ ਦੇ ਪਤੀ ਦੀ ਯਾਦਗਾਰੀ ਭੂਮਿਕਾ ਨਿਭਾਉਣ ਵਾਲੇ ਰਾਜਿੰਦਰ ਜਸਪਾਲ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਅੱਜ ਦਾ ਇਥੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਕਬਾਲ ਗੱਜਣ, ਜੀਵਨ ਨੀਲ ਤੇ ਡਾ. ਜਗਮੇਲ ਭਾਠੂਆਂ ਨੇ ਮਰਹੂਮ ਰਾਜਿੰਦਰ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਰਾਜਿੰਦਰ ਆਪਣੀ ਸਟੇਟ ਬੈਂਕ ਦੀ ਨੌਕਰੀ ਛੱਡ ਕੇ ਹਰਪਾਲ ਟਿਵਾਣਾ ਹੋਰਾਂ ਦੀ ਟੀਮ ਵਿੱਚ ਸ਼ਾਮਲ ਹੋਏ ਸਨ। ਇਸ ਮਗਰੋਂ ਦਿੱਲੀ ਅਲਕਾਜ਼ੀ ਗਰੁੱਪ ਤੇ ਪੁਣੇ ਫ਼ਿਲਮ ਇੰਸਟੀਚਿਊਟ ਤੋਂ ਹੁੰਦੇ ਹੋੲੈ ਮੁੰਬਈ ਪਹੁੰਚੇ। ਓਮ ਪੁਰੀ, ਨਸੀਰੂਦੀਨ ਸ਼ਾਹ ਤੇ ਅਨੁਪਮ ਖ਼ੇਰ ਉਨ੍ਹਾਂ ਦੇ ਸਹਿਪਾਠੀ ਰਹੇ ਹਨ। ਮੁੰਬਈ ਰਹਿੰਦੇ ਹੋਏ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ, ਜਿਸ ਮਗਰੋਂ ਉਹ ਆਪਣੇ ਪਟਿਆਲਾ ਆ ਕੇ ਰਹਿਣ ਲੱਗੇ। ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ।