ਖੇਤਰੀ ਪ੍ਰਤੀਨਿਧ
ਪਟਿਆਲਾ, 11 ਨਵੰਬਰ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕੇਨਿਜ਼ਮ ਅਤੇ ਨਸ਼ਾਮੁਕਤ ਭਾਰਤ ਅਭਿਆਨ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਬੈਠਕ ਕੀਤੀ। ਇਸ ਦੌਰਾਨ ਪਟਿਆਲਾ ਜ਼ਿਲ੍ਹੇ ਨੂੰ ਨਸ਼ਾਮੁਕਤ ਕਰਨ ਲਈ ਸਿਵਲ ਪ੍ਰਸ਼ਾਸਨ ਤੇ ਪੁਲੀਸ ਦੀ ਸਾਂਝੀ ਵਿਉਂਤਬੰਦੀ ਦਾ ਜਾਇਜ਼ਾ ਲੈਂਦਿਆਂ ਨਸ਼ਿਆਂ ਦੇ ਖਾਤਮੇ ਵਿਰੁੱਧ ਸਮੱਗਰ ਦ੍ਰਿਸ਼ਟੀਕੋਣ ਅਪਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਫੜੇ ਜਾਂਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਸਮੀਖਿਆ ਕਰਦਿ ਉਨ੍ਹਾਂ ਕਿਹਾ ਕਿ ਪੁਲੀਸ ਦੇ ਜਾਂਚ ਅਧਿਕਾਰੀਆਂ ਨੂੰ ਸਿਖਲਾਈ ਦਿਵਾਈ ਜਾਵੇ ਤਾਂ ਕਿ ਕੋਈ ਨਸ਼ਾ ਤਸਕਰ ਅਦਾਲਤ ਵਿੱਚੋਂ ਬਰੀ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਡਰੱਗ ਇੰਸਪੈਕਟਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਨਸ਼ਿਆਂ ਲਈ ਵਰਤੀਆਂ ਜਾ ਸਕਣ ਦੀ ਸੰਭਾਵਨਾ ਵਾਲੀਆਂ ਪ੍ਰੀਗਾਬਾਲਿਨ ਤੇ ਹੋਰ ਦਵਾਈਆਂ ਸਬੰਧੀ ਪੜਤਾਲੀਆ ਰਿਪੋਰਟ ਅਤੇ ਕਾਰਵਾਈ ਇਸ ਕਮੇਟੀ ’ਚ ਪੇਸ਼ ਕੀਤੀ ਜਾਵੇ। ਨਸ਼ੀਲੀਆਂ ਦਵਾਈਆਂ ਦੀ ਵਿਕਰੀ ਰੋਕਣ ਲਈ ਕੈਮਿਸਟ ਐਸੋਸੀਏਸ਼ਨ ਦਾ ਸਾਥ ਲਿਆ ਜਾਵੇ ਅਤੇ ਲਗਾਤਾਰ ਚੈਕਿੰਗ ਕੀਤੀ ਜਾਵੇ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਸਕੂਲ, ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਬਾਬਤ ਇਹ ਸਰਟੀਫਿਕੇਟ ਦੇਣਗੇ ਕਿ ਸਕੂਲਾਂ ਦੇ 100 ਮੀਟਰ ਦੇ ਘੇਰੇ ਵਿੱਚ ਕੋਈ ਤੰਬਾਕੂ ਪਦਰਥਾਂ ਜਾਂ ਕਿਸੇ ਹੋਰ ਨਸ਼ੇ ਦੀ ਕੋਈ ਵਿਕਰੀ ਨਹੀਂ ਹੋ ਰਹੀ। ਸਾਰੇ ਸਕੂਲਾਂ ਤੇ ਕਾਲਜਾਂ ਵਿੱਚ ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਕੀਤਾ ਜਾਵੇ। ਡਾ. ਪ੍ਰੀਤੀ ਯਾਦਵ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਪਛਾਣ ਕੀਤੇ ਗਏ 37 ਹਾਟ ਸਪਾਟ ਨਸ਼ਾ ਤਸਕਰੀ ਦੇ ਇਲਾਕਿਆਂ ’ਚ ਰਹਿੰਦੇ ਨਸ਼ਾ ਤਸਕਰੀ ਦੇ ਕੰਮ ’ਚ ਲੱਗੇ ਲੋਕਾਂ ਨੂੰ ਇਸ ਕਾਲੇ ਕੰਮ ਤੋਂ ਹਟਾ ਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ ਕਰਨ ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਿਲ੍ਹੇ ਵਿੱਚ ਖੇਡਾਂ ਤੇ ਖੇਡ ਮੈਦਾਨਾਂ ਵੱਲ ਹੋਰ ਧਿਆਨ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਹੋਰ ਵਾਧੂ ਗਤੀਵਿਧੀਆਂ ਨਾਲ ਵੀ ਜੋੜਿਆ ਜਾਵੇਗਾ।