ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਜਨਵਰੀ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਪਲੇਠੀ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਵਿਧਾਨ ਸਭਾ ਚੋਣਾਂ ਨੂੰ ਪਾਰਦਰਸ਼ਤਾ ਨਾਲ ਨਿਰਪੱਖ, ਨਿਰਵਿਘਨ ਅਤੇ ਸੁਤੰਤਰ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 1784 ਪੋਲਿੰਗ ਸਟੇਸ਼ਨਾਂ ’ਤੇ 12 ਹਜ਼ਾਰ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ, ਅੰਤਰ ਜ਼ਿਲ੍ਹਾ ਅਤੇ ਅੰਤਰਰਾਜ਼ੀ ਨਾਕੇ ਲਗਾਉਣ ਸਣੇ ਸਮਾਜ ਵਿਰੋਧੀ ਅਨਸਰਾਂ ’ਤੇ ਪੁਲੀਸ ਨੇ ਨਕੇਲ ਕਸੀ ਹੋਈ ਹੈ। ਜ਼ਿਲ੍ਹਾ ਪੁਲੀਸ ਤੋਂ ਇਲਾਵਾ ਆਈਟੀਬੀਪੀ ਦੀਆਂ ਦੋ ਤੇ ਬੀਐਸਐਫ ਦੀ ਇੱਕ ਕੰਪਨੀ ਪੁੱਜ ਚੁੱਕੀ ਹੈ। ਹੋਰ ਫੋਰਸ ਵੀ ਆ ਰਹੀ ਹੈ। 65 ਫ਼ੀਸਦੀ ਲਾਇਸੈਂਸੀ ਅਸਲਾ ਜਮ੍ਹਾਂ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੋਵਿਡ ਭਾਵੇਂ ਵੱਡੀ ਚੁਣੌਤੀ ਹੈ ਪਰ ਵੋਟਰਾਂ ਨੂੰ ਬਚਾਉਣ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ। ਚੋਣ ਅਮਲੇ ਦਾ ਕੋਵਿਡ ਟੀਕਾਕਰਨ ਵੀ ਕਰਵਾ ਲਿਆ ਗਿਆ ਹੈ। ਚੋਣ ਜ਼ਾਬਤੇ ਸਬੰਧੀ ਸ਼ਿਕਾਇਤਾਂ ਲਈ ਸੈੱਲ ਵੀ ਬਣਾਇਆ ਹੈ। ਉਨ੍ਹਾਂ ਨੇ ਉਮੀਦਵਾਰਾਂ ਸਣੇ ਮੀਡੀਆ ਨੂੰ ਮੁੱਖ ਦੀਆਂ ਖ਼ਬਰਾਂ ਦੇ ਮਾੜੇ ਰੁਝਾਨ ਤੋਂ ਬਚਣ ਲਈ ਕਿਹਾ।
ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਫਲੈਗ ਮਾਰਚ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਵਿਧਾਨ ਸਭਾ ਚੋਣਾਂ ਸਬੰਧੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਲੋਕਾਂ ਨੂੰ ਬਿਨਾ ਕਿਸੇ ਡਰ ਭੈਅ ਤੋਂ ਵੋਟ ਦਾ ਇਸਤੇਮਾਲ ਕਰਨ ਲਈ ਸੁਰੱਖਿਆ ਫੋਰਸ ਵੱਲੋਂ ਉਪ ਕਪਤਾਨ ਪੁਲੀਸ ਪਾਤੜਾਂ ਰਛਪਾਲ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪਾਤੜਾਂ ਸ਼ਹਿਰ ਤੇ ਸਮੁੱਚੇ ਹਲਕੇ ਅੰਦਰ ਫਲੈਗ ਮਾਰਚ ਕੱਢਿਆ ਗਿਆ। ਇਸ ਪੰਜਾਬ ਪੁਲੀਸ ਸਣੇ ਪੈਰਾਮਿਲਟਰੀ ਫੋਰਸ ਦੇ ਜਵਾਨ ਵੀ ਸ਼ਾਮਲ ਸਨ। ਉਪ ਕਪਤਾਨ ਪੁਲੀਸ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਚੌਣਾਂ ਨੂੰ ਨਿਰਪੱਖ ਢੰਗ ਨਾਲ ਤੇ ਲੋਕਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਡਰ ਨੂੰ ਕੱਢਣ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ।