ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਜੁਲਾਈ
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਫਾਰਮ ਬਹਾਦਰਗੜ੍ਹ, ਦੌਣਕਲਾਂ, ਧਰੇੜੀ ਜੱਟਾਂ ਅਤੇ ਛੋਟੀ ਤੇ ਵੱਡੀ ਨਦੀ ਦਾ ਦੌਰਾ ਕਰਕੇ ਰਾਜਪੁਰਾ ਵਾਲੇ ਪਾਸੇ ਤੋਂ ਬਰਸਾਤੀ ਪਾਣੀ ਆਉਣ ਕਰਕੇ ਉਤਪੰਨ ਹੋਈ ਸਥਿਤੀ ਦਾ ਜਾਇਜ਼ਾ ਲਿਆ। ਐੱਸ.ਡੀ.ਐੱਮ. ਚਰਨਜੀਤ ਸਿੰਘ, ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਮਨਦੀਪ ਬੈਂਸ, ਮੰਡੀ ਬੋਰਡ ਦੇ ਐੱਸ.ਡੀ.ਓ. ਧਰਵਿੰਦਰ ਸਿੰਗਲਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਲੋਕਾਂ ਤੋਂ ਮਿਲ ਰਹੇ ਸਹਿਯੋਗ ’ਤੇ ਤਸੱਲੀ ਪ੍ਰਗਟ ਕਰਦਿਆਂ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤੀ ਪਾਣੀ ਦੇ ਸਮੇਂ ਸਿਰ ਨਿਕਾਸ ਦੇ ਪ੍ਰਬੰਧਾਂ ’ਚ ਕੋਈ ਕਮੀ ਨਹੀਂ ਆਉਣ ਦੇਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਸਾਤੀ ਪਾਣੀ ਨਾਲ ਪਟਿਆਲਾ ਜ਼ਿਲ੍ਹੇ ਨੂੰ ਹੜ੍ਹਾਂ ਦਾ ਅਜੇ ਕੋਈ ਖ਼ਤਰਾ ਨਹੀਂ ਹੈ ਪਰ ਫਿਰ ਵੀ ਪਿਛਲੇ 24 ਘੰਟਿਆਂ ਦੌਰਾਨ ਹੋਈ ਬਰਸਾਤ ਦੇ ਘੱਗਰ ਅਤੇ ਹੋਰ ਡਰੇਨਾਂ ਵਿੱਚੋਂ ਲੰਘਦੇ ਪਾਣੀ ਦੀ ਨਿਕਾਸੀ ਅਤੇ ਵਹਾਅ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾ ਦੱਸਿਆ ਕਿ ਜ਼ਿਲ੍ਹੇ ਅੰਦਰਲੀਆਂ ਨਦੀਆਂ-ਨਾਲਿਆਂ ’ਚ ਪਾਣੀ ਦਾ ਵਹਾਅ ਆਪਣੀ ਸਮਰੱਥਾ ਮੁਤਾਬਕ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ।