ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਮਾਰਚ
ਵੀਹ ਸਾਲਾਂ ਬਾਅਦ ਜ਼ਿਲ੍ਹੇ ਦਾ ਇਕ ਵੀ ਮੰਤਰੀ ਨਾ ਬਣਨ ਕਰਕੇ ਪਟਿਆਲਾ ਮੰਤਰੀ ਤੋਂ ਸੱਖਣਾ ਹੋ ਗਿਆ ਹੈ। ਪਟਿਆਲਾ ਜ਼ਿਲ੍ਹੇ ਦੇ ਸਾਰੇ ਹਲਕਿਆਂ ਤੋਂ ਜਿੱਤਿਆ ‘ਆਪ’ ਦਾ ਕੋਈ ਵੀ ਵਿਧਾਇਕ ਇਸ ਮੁੱਦੇ ’ਤੇ ਗੱਲ ਵੀ ਕਰਨ ਲਈ ਤਿਆਰ ਨਹੀਂ ਹੈ।
ਜਾਣਕਾਰੀ ਅਨੁਸਾਰ ਖਾੜਕੂਵਾਦ ਵਿੱਚ 1992 ਵਿੱਚ ਬਣੀ ਕਾਂਗਰਸ ਦੀ ਸਰਕਾਰ ਵਿੱਚ ਹਲਕਾ ਡਕਾਲਾ ਤੋਂ ਜਿੱਤੇ ਲਾਲ ਸਿੰਘ ਨੂੰ ਮੰਤਰੀ ਬਣਾਇਆ ਗਿਆ ਸੀ। 1997 ਤੋਂ 2002 ਤੱਕ ਰਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਵਿੱਚ ਗੁਰਚਰਨ ਸਿੰਘ ਟੌਹੜਾ ਦੀ ਸਿਫ਼ਾਰਿਸ਼ ’ਤੇ ਹਲਕਾ ਪਟਿਆਲਾ ਸ਼ਹਿਰੀ ਤੋਂ ਜਿੱਤੇ ਸੁਰਜੀਤ ਸਿੰਘ ਕੋਹਲੀ ਨੂੰ ਰਾਜ ਮੰਤਰੀ ਬਣਾਇਆ ਸੀ ਜਦ ਕਿ ਰਾਜਪੁਰਾ ਤੋਂ ਭਾਜਪਾ ਦੇ ਹਿੱਸੇ ਤੋਂ ਜਿੱਤੇ ਬਲਰਾਮ ਜੀ ਦਾਸ ਟੰਡਨ ਨੂੰ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਬਾਅਦ ਮੁੜ 2002 ਤੋਂ 2007 ਤੱਕ ਰਹੀ ਕਾਂਗਰਸ ਸਰਕਾਰ ਵਿੱਚ ਪਟਿਆਲਾ ਸ਼ਹਿਰੀ ਤੋਂ ਜਿੱਤ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ, ਬ੍ਰਹਮ ਮਹਿੰਦਰਾ ਉਸ ਵੇਲੇ ਸਮਾਣਾ ਤੋਂ ਸੁਰਜੀਤ ਸਿੰਘ ਰੱਖੜਾ ਤੋਂ ਹਾਰ ਗਏ ਸੀ, ਪਰ ਹਲਕਾ ਡਕਾਲਾ ਤੋਂ ਜਿੱਤੇ ਲਾਲ ਸਿੰਘ ਨੂੰ ਮੰਤਰੀ ਬਣਾਇਆ ਗਿਆ। 2007 ਤੋਂ 2012 ਤੱਕ ਰਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਵਿੱਚ ਹਲਕਾ ਡਕਾਲਾ ਤੋਂ ਹਰਮੇਲ ਸਿੰਘ ਟੌਹੜਾ ਮੰਤਰੀ ਬਣੇ ਜਦ ਕਿ ਪਟਿਆਲਾ ਵਿੱਚ ਪੈਂਦੇ ਹਲਕਾ ਬਨੂੜ ਵਿੱਚੋਂ ਕੈਪਟਨ ਕੰਵਲਜੀਤ ਜਿੱਤ ਕੇ ਮੰਤਰੀ ਬਣੇ। 2012 ਤੋਂ 2017 ਤੱਕ ਮੁੜ ਬਣੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਤੋਂ ਵਿਧਾਇਕ ਬਣੇ ਸੁਰਜੀਤ ਸਿੰਘ ਰੱਖੜਾ ਨੂੰ ਮੰਤਰੀ ਬਣਾਇਆ ਗਿਆ। 2017 ਤੋਂ 2021 ਤੱਕ ਕਾਂਗਰਸ ਦੀ ਅਮਰਿੰਦਰ ਸਰਕਾਰ ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਜਦ ਕਿ ਪਟਿਆਲਾ ਦਿਹਾਤੀ ਤੋਂ ਵਿਧਾਇਕ ਬਣੇ ਬ੍ਰਹਮ ਮਹਿੰਦਰਾ ਅਤੇ ਹਲਕਾ ਨਾਭਾ ਤੋਂ ਵਿਧਾਇਕ ਬਣੇ ਸਾਧੂ ਸਿੰਘ ਧਰਮਸੋਤ ਮੰਤਰੀ ਬਣੇ।
ਕੁਝ ਮਹੀਨੇ ਰਹੀ ਕਾਂਗਰਸ ਦੀ ਚੰਨੀ ਸਰਕਾਰ ਵਿੱਚ ਵੀ ਬ੍ਰਹਮ ਮਹਿੰਦਰਾ ਮੰਤਰੀ ਬਣੇ ਰਹੇ ਪਰ ਹੁਣ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਪੰਜਾਬ ਵਿੱਚ ਦੋ ਵਾਰ ਮੁੱਖ ਮੰਤਰੀ ਰਹਿਣ ਵਾਲੇ ਵੱਡੇ ਲੀਡਰ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਅਜੀਤਪਾਲ ਸਿੰਘ ਕੋਹਲੀ ਦੇ ਕੈਬਨਿਟ ਵਿੱਚ ਸ਼ਾਮਲ ਹੋਣ ਦੀ ਪਟਿਆਲਾ ਵਾਸੀਆਂ ਨੂੰ ਪੂਰੀ ਸੰਭਾਵਨਾ ਸੀ, ਇਸੇ ਤਰ੍ਹਾਂ ਪਟਿਆਲਾ ਦਿਹਾਤੀ ਤੋਂ ‘ਆਪ’ ਦੇ ਸੀਨੀਅਰ ਲੀਡਰ ਡਾਕਟਰ ਬਲਬੀਰ ਸਿੰਘ ਤੇ ਰਾਜਪੁਰਾ ਤੋਂ ਨੀਨਾ ਮਿੱਤਲ ਦੀ ਵੀ ਸੰਭਾਵਨਾ ਬਣੀ ਹੋਈ ਸੀ ਪਰ ਪਟਿਆਲਾ ਜ਼ਿਲ੍ਹੇ ਦਾ ਕੋਈ ਵੀ ਮੰਤਰੀ ਨਹੀਂ ਬਣਾਇਆ ਗਿਆ। ਅਜੀਤਪਾਲ ਸਿੰਘ ਕੋਹਲੀ ਨੇ ਕਿਹਾ,‘ਪਾਰਟੀ ਦੇ ਹੁਕਮ ਨਾਲ ਹੀ ਲੋਕ ਸੇਵਾ ਕਰਨ ਲਈ ਆਏ ਹਾਂ ਤੇ ਕਰਦੇ ਰਹਾਂਗੇ।’