ਖੇਤਰੀ ਪ੍ਰਤੀਨਿਧ
ਪਟਿਆਲਾ, 20 ਨਵੰਬਰ
ਕੇਂਦਰ ਸਰਕਾਰ ਵੱਲੋਂ ਨਵੇਂ ਲਿਆਂਦੇ ਗਏ ਕਾਲੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਐਲਾਨ ਨੂੰ ਲੈ ਕੇ ਇਲਾਕੇ ਭਰ ਵਿੱਚ ਹਰੇਕ ਵਰਗ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਦੌਰਾਨ ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਅਤੇ ਗੁਰਜੀਤ ਕੋਹਲੀ ਸਮਤ ਕਈ ਹੋਰਨਾਂ ਨੇ ਲੱਡੂ ਵੰਡ ਕੇ ਲੋਕਾਂ ਨਾਲ ਖੁਸ਼ੀ ਸਾਂਝੀ ਕੀਤੀ।
ਪਟਿਆਲਾ(ਪੱਤਰ ਪ੍ਰੇਰਕ): ਇਥੇ ਸਥਿਤ ਅਨਾਰਦਾਣਾ ਚੌਕ ਦੇ ਬਾਜ਼ਾਰਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੱਡੂ ਵੰਡੇ ਗਏ। ਆਮ ਆਦਮੀ ਪਾਰਟੀ ਦੇ ਸ਼ਹਿਰੀ ਆਗੂ ਅਤੇ ਸਾਬਕਾ ਜ਼ਿਲ੍ਹਾ ਕਨਵੀਨਰ ਕੁੰਦਨ ਗੋਗੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਜਜ਼ਬੇ ਅੱਗੇ ਝੁਕਣਾ ਪਿਆ।
ਰਾਜਪੁਰਾ(ਪੱਤਰ ਪ੍ਰੇਰਕ): ਇਸੇ ਤਰ੍ਹਾਂ ਇਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਪ੍ਰੋਫੈਸਰ ਐਸੋਸੀਏਸ਼ਨ ਵੱਲੋਂ ਡਾਇਰੈਕਟਰ ਸੁਖਬੀਰ ਸਿੰਘ ਥਿੰਦ, ਪ੍ਰੋ. ਤਰਿਸ਼ਨਦੀਪ ਸਿੰਘ ਗਰੇਵਾਲ, ਬਲਜਿੰਦਰ ਸਿੰਘ ਗਿੱਲ ਅਤੇ ਰਾਜੀਵ ਬਾਹੀਆਂ ਸਮੇਤ ਹੋਰਨਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਹੋਰਨਾਂ ਰਾਹਗੀਰਾਂ ਨੂੰ ਲੱਡੂ ਵੰਡੇ। ਇਸ ਮੌਕੇ ਪ੍ਰੋ. ਦਲਜੀਤ ਸਿੰਘ, ਸੰਦੀਪ ਸਿੰਘ, ਰਮਨਦੀਪ ਸਿੰਘ ਸੋਢੀ, ਮਨਦੀਪ ਸਿੰਘ ਅਤੇ ਡਾ. ਹੀਨਾ ਸਮੇਤ ਮੌਜੂਦ ਸਨ।
ਧੂਰੀ(ਨਿੱਜੀ ਪੱਤਰ ਪ੍ਰੇਰਕ): ਇਥੇ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਅਤੇ ਆਲ ਇੰਡੀਆ ਐੱਫ.ਸੀ.ਆਈ. ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਸਤਿੰਦਰ ਸਿੰਘ ਚੱਠਾ ਵੱਲੋਂ ਸਾਥੀਆਂ ਸਮੇਤ ਆਪਣੇ ਦਫਤਰ ਦੇ ਬਾਹਰ ਲੱਡੂ ਵੰਡੇ ਗਏ।
ਸੰਗਰੂਰ(ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਮਗਰੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਵਧਾਈ ਦਿੱਤੀ।
ਕਿਸਾਨਾਂ ਨੇ ਮਰਦਾਂਪੁਰ ਵਿੱਚ ਘਰ-ਘਰ ਜਾ ਕੇ ਲੱਡੂ ਵੰਡੇ
ਘਨੌਰ(ਪੱਤਰ ਪ੍ਰੇਰਕ): ਇਥੇ ਪਿੰਡ ਮਰਦਾਂਪੁਰ ਵਾਸੀ ਸੰਯੁਕਤ ਕਿਸਾਨ ਮੋਰਚੇ ਦੇ ਕਾਰਕੁਨਾਂ ਹਰਨੇਕ ਸਿੰਘ, ਜਸਪਾਲ ਸਿੰਘ, ਗੁਰਵਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਜਸ਼ਨ, ਗੁਰਮੀਤ ਸਿੰਘ ਕਾਲਾ ਅਤੇ ਹਰਿੰਦਰ ਸਿੰਘ ਨੇ ਸਮੁੱਚੇ ਪਿੰਡ ਵਾਸੀਆਂ ਨਾਲ ਗੁਰੂ ਘਰ ਅਰਦਾਸ ਕਰ ਕੇ ਅੰਦੋਲਨ ਵਿੱਚ ਜਿੱਤ ’ਤੇ ਅਰਦਾਸ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਸਮੁੱਚੇ ਪਿੰਡ ਵਿੱਚ ਘਰ ਘਰ ਜਾ ਕੇ ਕਰੀਬ 400 ਪਰਿਵਾਰਾਂ ਨੂੰ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।