ਸਰਬਜੀਤ ਸਿੰਘ ਭੰਗੂ
ਪਟਿਆਲਾ , 3 ਸਤੰਬਰ
ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦਾ ਪੁਨਰਗਠਨ ਕਰਕੇ ਤੀਜਾ ਤੇ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਨੌਂ ਹਜ਼ਾਰ ਦੇ ਕਰੀਬ ਅਸਾਮੀਆਂ ਖਤਮ ਕਰਨ ਦੇ ਰੋਸ ਵਜੋਂ ਚੌਥਾ ਦਰਜਾ ਮੁਲਾਜ਼ਮਾਂ ਦੀ ਤਰਫ਼ੋਂ ਇਥੇ ਜਲ ਸਰੋਤ ਵਿਭਾਗ ਦੇ ਦਫ਼ਤਰ ਬਾਹਰ ਲੱਗਾ ਪੱਕਾ ਮੋਰਚਾ ਅਤੇ ਭੁੱਖ ਹੜਤਾਲ਼ ਅੱਜ ਸਤਾਰ੍ਹਵੇਂ ਦਿਨ ਸਮਾਪਤ ਹੋ ਗਈ। ਇਹ ਐਲਾਨ ਕਰਦਿਆਂ, ਇਸ ਪੱਕੇ ਮੋਰਚੇ ਦੇ ਮੋਢੀ ਤੇ ਚੌਥਾ ਦਰਜਾ ਐਂਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦਾ ਕਹਿਣਾ ਸੀ ਇਹ ਸੰਘਰਸ਼ ਸਿੰਚਾਈ ਮੰਤਰੀ ਵੱਲੋਂ ਪੁਨਰਗਠਨ ਦੇ ਫੈਸਲੇ ’ਤੇ ਮੁੜ ਨਜ਼ਰਸਾਨੀ ਕਰਨ ਦੇ ਦਿੱਤੇ ਗਏ ਭਰੋਸੇ ਮਗਰੋਂ ਮੁਲਤਵੀ ਕੀਤਾ ਗਿਆ ਪਰ ਜੇਕਰ ਵਾਅਦੇ ਮੁਤਾਬਿਕ ਇਸ ’ਤੇ ਅਮਲ ਨਾ ਕੀਤਾ ਗਿਆ, ਤਾਂ ਯੂਨੀਅਨ ਮੁੜ ਤੋਂ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।
ਧਰਨੇ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਲੁਬਾਣਾ ਨੇ ਕਿਹਾ ਕਿ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਵਿਚੋਂ 84 ਕੈਟਾਗਰੀਜ਼ ਦੀਆਂ ਨੌਂ ਹਜ਼ਾਰ ਦੇ ਕਰੀਬ ਅਸਾਮੀਆਂ ਖਤਮ ਕਰਨ ਨਾਲ ਮੁਲਾਜ਼ਮਾਂ ਲਈ ਉਜਾੜੇ ਵਰਗੇ ਹਾਲਾਤ ਬਣ ਗਏ ਹਨ ਜਿਸ ਕਰਕੇ ਹੀ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। ਪਰ ਮੰਤਰੀ ਦੇ ਸੱਦੇ ’ਤੇ ਚੰਡੀਗੜ੍ਹ ਵਿਚ ਕੱਲ੍ਹ ਮੀਟਿੰਗ ਦੌਰਾਨ ਮੰਤਰੀ ਨੇ ਮੁਲਾਜ਼ਮ ਆਗੂਆਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਪੁਨਰਗਠਨ ਦੇ ਮਾਮਲੇ ’ਤੇ ਮੁੜ ਵਿਚਾਰ ਕਰਨਗੇ ਜਿਸ ਤਹਿਤ ਹੀ ਇਹ ਮੋਰਚਾ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਕੀਤੀ ਗਈ ਰੈਲੀ ਨੂੰ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਕਲੈਰੀਕਲ ਜਲ ਸਰੋਤ ਵਿਭਾਗ ਦੇ ਸੂਬਾ ਪ੍ਰਧਾਨ ਖੁਸ਼ਿਵੰਦਰ ਕਪਿਲਾ, ਬਚਿੱਤਰ ਸਿੰਘ ਸੁਰਜ ਪਾਲ ਯਾਦਵ ਆਦਿ ਹਾਜ਼ਰ ਸਨ।
ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਯੂਨੀਅਨ ਵੱਲੋਂ ਧਰਨਾ
ਪੰਜਾਬ ਸਰਕਾਰ ਵਲੋਂ ਜਲ ਸਰੋਤ ਵਿਭਾਗ ਦਾ ਪੁਨਰਗਠਨ ਕਰਕੇ ਵਿਭਾਗ ਦੇ ਤੀਜਾ ਅਤੇ ਚੌਥਾ ਦਰਜਾ ਕਰਮਚਾਰੀਆਂ ਦੀਆਂ ਖ਼ਤਮ ਕੀਤੀਆਂ ਗਈਆਂ ਅਸਾਮੀਆਂ ਨੂੰ ਲੈ ਕੇ ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਪਟਿਆਲਾ ਵਲੋਂ ਬੀ.ਐਮ.ਐਲ. ਕੰਪਲੈਕਸ ਵਿਖੇ ਧਰਨਾ ਦਿੱਤਾ ਗਿਆ। ਬ੍ਰਾਂਚ ਘਨੌਰ ਦੇ ਪ੍ਰਧਾਨ ਲਖਵਿੰਦਰ ਸਿੰਘ ਖਾਨਪੁਰ, ਸਨੌਰ ਦੇ ਬਲਵਿੰਦਰ ਸਿੰਘ ਮੰਡੋਲੀ, ਖਮਾਣੋਂ ਦੇ ਸੁਲੱਖਣ ਖਜ਼ਾਨਚੀ ਤੇ ਦੇਧਨਾ ਬ੍ਰਾਂਚ ਦੇ ਪ੍ਰਧਾਨ ਅਮਰਨਾਥ ਨਰੜੂ ਤੇ ਮੇਜਰ ਸਿੰਘ ਨਾਭਾ ਦੀ ਅਗਵਾਈ ਹੇਠਲੇ ਇਸ ਧਰਨੇ ਦੌਰਾਨ ਪੁਨਰਗਠਨ ਦਾ ਇਹ ਫੈਸਲਾ ਵਾਪਸ ਲੈਣ ਦੀ ਪੁਰਜ਼ੋਰ ਮੰਗ ਕੀਤੀ ਗਈ। ਮੁਲਾਜ਼ਮ ਆਗੂਆਂ ਦਾ ਤਰਕ ਸੀ ਕਿ ਸਿੰਚਾਈ ਵਿਭਾਗ ਦੇ ਮੰਤਰੀ ਜਾਂ ਕਿਸੇ ਹੋਰ ਸਰਕਾਰੀ ਨੁਮਾਇੰਦੇ ਵਲੋਂ ਇਸ ਮਸਲੇ ਦੇ ਪੱਕੇ ਹੱਲ ਦਾ ਤਸੱਲੀਬਖਸ਼ ਭਰੋਸਾ ਨਹੀਂ ਦਿੱਤਾ ਗਿਆ ਜਿਸ ਕਾਰਨ ਹੀ ਰੋਸ ਧਰਨਾ ਲਾਉਣਾ ਪਿਆ ਹੈ। ਧਰਨੇ ਨੂੰ ਜਥਥੇਦੀ ਸੂਬਾ ਪ੍ਰਧਾਨ ਦਰਸ਼ਨ ਬੇਲੂਮਾਜਰਾ, ਜੋਨ ਪ੍ਰਧਾਨ ਜਸਵੀਰ ਖੋਖਰ, ਜਨਰਲ ਸਕੱਤਰ ਛੱਜੂ ਰਾਮ ਤੇ ਚੇਅਰਮੈਨ ਦਰਸ਼ਨ ਰੌਂਗਲਾ ਨੇ ਸੰਬੋਧਨ ਕੀਤਾ।