ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਨਵੰਬਰ
ਝੋਨੇ ਦੀ ਖਰੀਦ ਅਤੇ ਲਿਫਟਿੰਗ ਸਬੰਧੀ ਮਾੜੀ ਕਾਰਗੁਜ਼ਾਰੀ ਕਾਰਨ ਮੰਡੀਆਂ ’ਚ ਕਿਸਾਨਾ ਦੀ ਖੱਜਲ ਖੁਆਰੀ ਕਾਰਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੰਜਾਬ ਦੇ ਉਨ੍ਹਾਂ 26 ਟੌਲ ਪਲਾਜ਼ਿਆਂ ਤੋਂ ਧਰਨੇ ਸਮਾਪਤ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਪਰਚੀ ਮੁਕਤ ਕੀਤਾ ਹੋਇਆ ਸੀ।
ਇਸ ਤਰ੍ਹਾਂ ਅੱਜ 28ਵੇਂ ਦਿਨ ਇਨ੍ਹਾਂ ਟੌਲ ਪਲਾਜ਼ਿਆਂ ’ਤੇ ਲੋਕਾਂ ਦੀਆਂ ਜੇਬਾਂ ਮੁੜ ਢਿੱਲੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਟੌਲ ਪਲਾਜ਼ਿਆਂ ’ਚ ਪਟਿਆਲਾ ਜ਼ਿਲ੍ਹੇ ਦੇ ਧਰੇੜੀ ਜੱਟਾਂ ਅਤੇ ਪੈਂਦ ਸਮੇਤ ਸੰਗਰੂਰ ਜ਼ਿਲ੍ਹੇ ਦੇ ਪਟਿਆਲਾ ਨੇੜਲੇ ਕਾਲਾਝਾੜ ਸਮੇਤ ਹੋਰਨਾ ਵੱਖ-ਵੱਖ ਜ਼ਿਲ੍ਹਿਆਂ ਵਿਚਲੇ ਟੌਲ ਪਲਾਜ਼ੇ ਸ਼ਾਮਲ ਰਹੇ। ਇਨ੍ਹਾਂ 26 ਥਾਵਾਂ ’ਤੇ ਕਿਸਾਨਾ ਵੱਲੋਂ ਯੂਨੀਅਨ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠਾਂ ਅਜਿਹੇ ਧਰਨੇ 17 ਅਕਤੂਬਰ ਨੂੰ ਸ਼ੁਰੂ ਕੀਤੇ ਗਏ ਸਨ। ਇਸ ਦੌਰਾਨ ਕਿਸਾਨਾਂ ਦੇ ਇਥੇ ਦਿਨ ਰਾਤ ਧਰਨੇ ਜਾਰੀ ਰਹੇ। ਇਸ ਤਰ੍ਹਾਂ ਇਨ੍ਹਾਂ ਟੌਲ ਪਲਾਜ਼ਿਆਂ ਨਾਲ ਸਬੰਧਤ ਕੰਪਨੀਆਂ ਨੂੰ ਤਾਂ ਇੱਕ ਵਾਰ ਜ਼ਰੂਰ ਵਿੱਤੀ ਨੁਕਸਾਨ ਝੱਲਣਾ ਪਿਆ ਹੈ, ਪਰ ਇਥੋਂ ਦੀ ਲੰਘਣ ਵਾਲੇ ਲੋਕਾਂ ਨੇ ਮਹੀਨਾ ਭਰ ਪੂਰੇ ਬੁੱਲੇ ਲੁੱਟੇ ਤੇ ਏਨੇ ਦਿਨਾ ਮਗਰੋਂ ਅੱਜ ਸ਼ਾਮੀ ਟੌਲ ਪਲਾਜ਼ਿਆਂ ’ਤੇ ਲੋਕਾਂ ਨੂੰ ਟੌਲ ਟੈਕਸ ਦੇਣਾ ਵੀ ਇੱਕ ਵਾਰ ਤਾਂ ਮੁਸ਼ਕਲ ਲੱਗਾ। ਇਸ ਗੱਲ ਦੀ ਪੁਸ਼ਟੀ ਕਰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਦਾ ਕਹਿਣਾ ਸੀ ਕਿ ਹੁਣ ਝੋਨੇ ਦੀ ਵਿਕਣੋ ਰਹਿੰਦੀ ਫਸਲ ਦੀ ਖਰੀਦ ਯਕੀਨੀ ਬਣਾਉਣ ਲਈ ਲੋੜ ਵਾਲੀਆਂ ਮੰਡੀਆਂ ’ਚ ਯੂਨੀਅਨ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ। ਇਸ ਤੋਂ ਇਲਾਵਾ ਯੂਨੀਅਨ ਹੁਣ ਜ਼ਿਮਨੀ ਚੋਣਾਂ ਦੇ ਤਹਿਤ ਗਿੱਦੜਬਾਹਾ ਹਲਕੇ ’ਚ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਤੇ ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਸਮੇਤ ਬਰਨਾਲਾ ਹਲਕੇ ’ਚ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ‘ਆਪ’ ਦੇ ਹਰਵਿੰਦਰ ਸਿੰਘ ਧਾਲੀਵਾਲ ਦੇ ਖ਼ਿਲਾਫ਼ ਪ੍ਰਚਾਰ ਕਰੇਗੀ। ਇਸੇ ਦੌਰਾਨ ਯੂਨੀਅਨ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਜਸਵਿੰਦਰ ਬਰਾਸ, ਸੰਗਠਨ ਸਕੱਤਰ ਮਾਸਟਰ ਬਲਰਾਜ ਜੋਸ਼ੀ ਤੇ ਬੁਲਾਰੇ ਜਸਦੇਵ ਨੂਗੀ ਦਾ ਕਹਿਣਾ ਸੀ ਕਿ ਪਟਿਆਲਾ ਜ਼ਿਲ੍ਹੇ ਵਿੱਚ ਧਰੇੜੀ ਜੱਟਾਂ ਅਤੇ ਪੈਂਦ ਟੌਲ ਪਲਾਜ਼ਿਆਂ ’ਤੇ ਚੱਲੇ ਧਰਨੇ ਵੀ ਅੱਜ ਸ਼ਾਮੀ ਸਮਾਪਤ ਕਰ ਦਿੱਤੇ ਗਏ ਹਨ।