ਪੱਤਰ ਪ੍ਰੇਰਕ
ਪਟਿਆਲਾ, 18 ਜੂਨ
ਇੱਥੋਂ ਦੇ ਚਿੜੀਆਘਰ (ਡੀਅਰ ਪਾਰਕ) ਦੇ ਪਿੰਜਰੇ ਵਿੱਚ ਬੰਦ ਜ਼ਖ਼ਮੀ ਬਾਂਦਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀਡੀਓ ਦਾ ਨੋਟਿਸ ਲਿਆ। ਡੀਐੱਫਓ (ਜੰਗਲੀ ਜੀਵ) ਨੇ ਤੁਰੰਤ ਕਾਰਵਾਈ ਕਰਦਿਆਂ ਜ਼ਖ਼ਮੀ ਬਾਂਦਰ ਦਾ ਇਲਾਜ ਕਰਵਾਇਆ। ਪਟਿਆਲਾ ਹੈਲਪ ਕਲੱਬ ਦੇ ਪੁਨੀਤ ਸਿੰਘ ਬਾਂਗਾਂ ਨੇ ਕਿਹਾ ਕਿ ਬਾਂਦਰ ਦੀ ਇਸ ਹਾਲਤ ਲਈ ਜੰਗਲਾਤ ਜੰਗਲੀ ਜੀਵ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੈ। ਚਿੜੀਆਘਰ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਬਾਂਦਰ ਦੇ ਇਲਾਜ ਲਈ ਵੈਟਰਨਰੀ ਡਾਕਟਰ ਨੂੰ ਬੁਲਾਇਆ ਗਿਆ ਸੀ ਪਰ ਉਹ 3-4 ਦਿਨਾਂ ਤੋਂ ਨਹੀਂ ਆਇਆ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਵੈਟਰਨਰੀ ਡਾਕਟਰ ਨੂੰ ਬੁਲਾ ਕੇ ਬਾਂਦਰ ਦਾ ਅਪ੍ਰੇਸ਼ਨ ਕਰਕੇ ਇਲਾਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਹਿਲਾਂ ਡੀਅਰ ਪਾਰਕ ਵਿੱਚ ਵੈਟਰਨਰੀ ਡਾਕਟਰ ਹੁੰਦਾ ਸੀ ਪਰ ਉਹ ਕੁਝ ਮਹੀਨੇ ਪਹਿਲਾਂ ਸੇਵਾ ਮੁਕਤ ਹੋ ਗਿਆ। ਇਸ ਕਰਕੇ ਡੀਅਰ ਪਾਰਕ ਵਿੱਚ ਜਾਨਵਰਾਂ ਦੀ ਛੇਤੀ ਸੰਭਾਲ ਨਹੀਂ ਹੁੰਦੀ। ਇਸ ਬਾਰੇ ਡੀਐੱਫਓ ਜੰਗਲੀ ਜੀਵ ਨੀਰਜ ਗੁਪਤਾ ਨੇ ਕਿਹਾ,‘ਇਹ ਬਾਂਦਰ ਅਸੀਂ ਸਨੌਰੀ ਅੱਡੇ ਤੋਂ ਜ਼ਖ਼ਮੀ ਹਾਲਤ ਵਿੱਚ ਫੜਿਆ ਸੀ, ਉਸ ਦਾ ਇਲਾਜ ਸ਼ੁਰੂ ਕਰ ਕੇ ਉਸ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ। ਉੱਥੇ ਦੀ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰ ਕੇ ਬਾਂਦਰ ਦੀ ਜਾਨ ਬਚਾਉਣ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਪਟਿਆਲਾ ਦੇ ਜੰਗਲਾਤ ਵਿਭਾਗ ਨੇ ਚੰਗਾ ਕੰਮ ਕੀਤਾ ਹੈ।