ਖੇਤਰੀ ਪ੍ਰਤੀਨਿਧ
ਪਟਿਆਲਾ, 1 ਸਤੰਬਰ
ਪੰਜਾਬੀ ਯੂਨੀਵਰਸਿਟੀ ਤੇ ਉੱਤਰੀ ਭਾਰਤ ਦੇ ਵੱਖ-ਵੱਖ ਹਸਪਤਾਲਾਂ ਦਰਮਿਆਨ ਇਕਰਾਰਨਾਮਾ ਕੀਤਾ ਗਿਆ ਹੈ ਜਿਸ ਤਹਿਤ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਆਪਣੇ ਇਲਾਜ ਲਈ ਇਨ੍ਹਾਂ ਹਸਪਤਾਲਾਂ ਵੱਲੋਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਕਰਾਰਨਾਮੇ ਅਨੁਸਾਰ ਕਰਮਚਾਰੀ, ਫੈਕਲਟੀ ਅਤੇ ਸਟਾਫ (ਮੌਜੂਦਾ ਤੇ ਸੇਵਾਮੁਕਤ) ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸੀਜੀਐੱਚਐੱਸ ਦਰਾਂ ’ਤੇ ਮੈਡੀਕਲ ਸੇਵਾਵਾਂ ਪ੍ਰਾਪਤ ਹੋਣਗੀਆਂ।
ਯੂਨੀਵਰਸਿਟੀ ਦੇ ਬੁਲਾਰੇ ਮੁਤਾਬਿਕ ਇਹ ਇਕਰਾਰਨਾਮਾ ਮਾਨਵ ਸੇਵਾ ਸੰਕਲਪ ਦਿਵਸ (ਭਾਈ ਘਨੱਈਆ ਜੀ ਦੀ ਬਰਸੀ) ਨੂੰ ਸਮਰਪਿਤ ਹੈ। ਇਸ ਸਬੰਧੀ ਰੱਖੇ ਗਏ ਸੰਖੇਪ ਪ੍ਰੋਗਰਾਮ ਵਿੱਚ ਡਾਕਟਰਾਂ ਅਤੇ ਹਸਪਤਾਲ ਪ੍ਰਤੀਨਿਧੀਆਂ ਨੂੰ ਸਨਮਾਨਿਤ ਕੀਤਾ ਗਿਆ। ਡੀਨ ਅਕਾਦਮਿਕ ਮਾਮਲੇ ਡਾ. ਅਸ਼ੋਕ ਤਿਵਾੜੀ ਨੇ ਕਿਹਾ ਕਿ ਇਹ ਸਮਝੌਤਾ ਪੰਜਾਬੀ ਯੂਨੀਵਰਸਿਟੀ ਪਰਿਵਾਰ ਲਈ ਲਾਹੇਵੰਦ ਹੋਵੇਗਾ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਜੋਤ ਕੌਰ ਨੇ ਕਿਹਾ ਕਿ ਇਹ ਸਹੂਲਤ ਕਰਮਚਾਰੀਆਂ, ਫੈਕਲਟੀ ਤੇ ਉਨ੍ਹਾਂ ’ਤੇ ਨਿਰਭਰ ਪਰਿਵਾਰਿਕ ਮੈਂਬਰਾਂ ਨੂੰ ਸੀ.ਜੀ.ਐੱਚ.ਐੱਸ. ਦਰਾਂ ਉੱਤੇ ਸਹੂਲਤਾਂ ਲੈਣ ਵਿੱਚ ਮਦਦਗਾਰ ਸਾਬਿਤ ਹੋਵੇਗੀ। ਐੱਸਐੱਮਓ ਡਾ. ਰੇਗਿਨਾ ਮੈਣੀ ਨੇ ਇਕਰਾਰਨਾਮੇ ਬਾਰੇ ਜਾਣਕਾਰੀ ਸਾਂਝੀ ਕੀਤੀ।
ਹਸਪਤਾਲਾਂ ਦੀ ਸੂਚੀ ਜਾਰੀ ਕੀਤੀ
ਹਸਪਤਾਲਾਂ ਦੀ ਸੂਚੀ ਵਿੱਚ ਵਰਧਮਾਨ ਮਹਾਵੀਰ ਹਸਪਤਾਲ, ਫੁੱਲ ਨਿਊਰੋ ਅਤੇ ਮਲਟੀਸਪੈਸ਼ਲਿਟੀ, ਸਟਾਰ ਮੈਡੀਸਿਟੀ , ਏ.ਪੀ. ਹੈਲਥਕੇਅਰ, ਅਜੈ ਪੈਥ ਲੈਬਜ਼, ਬਾਂਸਲ ਆਈ ਹਸਪਤਾਲ, ਗਲੈਕਸੀ ਹਸਪਤਾਲ, ਪ੍ਰਾਈਮ ਮਲਟੀਸਪੈਸ਼ਲਿਟੀ ਹਸਪਤਾਲ, ਬਾਂਸਲ ਜੁਆਇੰਟ ਲਾਈਨ ਹਸਪਤਾਲ ਸਣੇ ਆਈ.ਵੀ. ਹਸਪਤਾਲ ਮੁਹਾਲੀ, ਆਈ.ਵੀ. ਹਸਪਤਾਲ ਖੰਨਾ, ਫੋਰਟਿਸ ਹਸਪਤਾਲ ਲੁਧਿਆਣਾ ਅਤੇ ਮੇਦਾਂਤਾ ਮੈਡੀਸਿਟੀ ਗੁਰੂਗ੍ਰਾਮ ਸ਼ਾਮਲ ਹਨ।