ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਅਕਤੂਬਰ
ਕੇਂਦਰ ਵੱਲੋਂ ਖੇਤੀ ਵਿਰੋਧੀ ਨਵੇਂ ਘੜੇ ਗਏ ਕਾਨੂੰਨਾਂ ਖਿਲਾਫ਼ ਰੋਹ ’ਚ ਆਏ ਕਿਸਾਨ ਰਾਜਪੁਰਾ ਰੋਡ ’ਤੇੇ ਧਰੇੜੀ ਜੱਟਾਂ ਵਿਖੇ ਸਥਿਤ ਟੌਲ ਪਲਾਜ਼ਾ ’ਤੇ ਅੱਜ ਲਗਾਤਾਰ ਦੂਜੇ ਦਿਨ ਵੀ ਡਟੇ ਰਹੇ। ਇਸ ਦੌਰਾਨ ਕਿਸਾਨਾਂ ਨੇ ਇਥੋਂ ਲੰਘਣ ਵਾਲੇ ਕਿਸੇ ਵੀ ਵਾਹਨ ਦੀ ਟੋਲ ਪਰਚੀ ਨਹੀਂ ਕੱਟਣ ਦਿੱਤੀ । ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਤੇ ਹੋਰਾਂ ਦੀ ਸਾਂਝੀ ਅਗਵਾਈ ਹੇਠ ਦਿੱਤੇ ਜਾ ਰਹੇ ਇਸ ਧਰਨੇ ਨੂੰ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਵਿਸ਼ੇਸ ਤੌਰ ’ਤੇ ਪੁੱਜ ਕੇ ਸੰਬੋਧਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨ ਹੁਣ ਕੇਂਦਰ ਨਾਲ ਆਰ ਪਾਰ ਦੀ ਲੜਾਈ ਲੜਨ ਨੂੰ ਤਿਆਰ ਹਨ ਤੇ ਉਹ ਇਹ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾ ਕੇ ਹੀ ਦਮ ਲੈਣਗੇ।
ਇਸ ਮੌਕੇ ਗਿਆਨ ਸਿੰਘ ਰਾਏਪੁਰ ਬਲਾਕ ਪ੍ਰਧਾਨ, ਸਵਰਨ ਸਿੰਘ ਧਰੇੜੀ ਜੱਟਾਂ ਬਲਾਕ ਸਕੱਤਰ, ਸ਼ਿਵਰਤਨ ਲੋਕ ਸੰਗਰਾਮ ਮੋਰਚਾ, ਅਜੈਬ ਸਿੰਘ ਲੋਟ , ਸੁਰਜੀਤ ਕੌਰ ਬੀ ਕੇ ਯੂ ਕ੍ਰਾਂਤੀਕਾਰੀ, ਗੁਰਨਾਮ ਸਿੰਘ ਢੈਂਥਲ, ਬਲਕਾਰ ਸਿੰਘ ਡੀ ਐਸ ਓ ਪੰਜਾਬ, ਐਡਵੋਕੇਟ ਰਾਜੀਵ ਲਹੋਟਬੱਦੀਡੈਮੋਕਰੇਟਿਕ ਲਾਇਰਜ ਐਸੋਸੀਏਸ਼ਨ ਅਤੇ ਜਮਹੂਰੀ ਅਧਿਕਾਰ ਸਭਾ ਦੇ ਨੁਮਾਇੰਦਿਆਂ ਨੇ ਵੀ ਧਰਨੇ ਵਿੱਚ ਸ਼ਿਰਕਤ ਕੀਤੀ। ਬੁਲਾਰਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਤੱਕ ਕਿਸਾਨ ਟੌਲ ਪਲਾਜ਼ੇ, ਰਿਲਾਇੰਸ ਪੰਪ, ਰਿਲਾਇੰਸ ਮਾਰਕੀਟਾਂ ਬੰਦ ਕਰ ਕੇ ਰੱਖਣਗੇ।
ਇਸ ਮੌਕੇ ਕਈ ਹੋਰ ਮਸਲਿਆਂ ਬਾਰੇ ਵੀ ਚਰਚਾ ਕੀਤੀ ਗਈ।