ਰਵੇਲ ਸਿੰਘ ਭਿੰਡਰ
ਪਟਿਆਲਾ, 23 ਜਨਵਰੀ
ਸਾਰਥਕ ਰੰਗਮੰਚ ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿੱਚ ਕਿਸਾਨੀ ਅੰਦੋਲਨ ਨੂੰ ਸਮਰਪਿਤ ਨੁੱਕੜ ਨਾਟਕ ‘ਸਿੱਧਾ ਰਾਹ ਵਿੰਗਾ ਬੰਦਾ’ ਦੇ ਦੋ ਸ਼ੋਅ ਕੀਤੇ ਗਏ। ਪ੍ਰੋ. ਅਜਮੇਰ ਸਿੰਘ ਔਲਖ ਦੇ ਲਿਖੇ ਇਸ ਨਾਟਕ ਨੂੰ ਪ੍ਰਸਿੱਧ ਰੰਗਕਰਮੀ ਡਾ. ਲੱਖਾ ਲਹਿਰੀ ਨੇ ਨਿਰਦੇਸ਼ਿਤ ਕੀਤਾ ਹੈ। ਇਹ ਨਾਟਕ ਅਜੋਕੇ ਸਿਸਟਮ ’ਤੇ ਕਰਾਰੀ ਚੋਟ ਕਰਦਾ ਹੈ। ਲੋਕਤੰਤਰ ਦੇ ਚਾਰ ਥੰਮ ਬੁਰਜ਼ੂਆ ਜੁਡੀਸ਼ਰੀ, ਐਗਜੈਕਟਿਵ, ਡੈਮੋਕਰੇਸੀ ਤੇ ਮੀਡੀਆ ਕਿਵੇਂ ਕੁਝ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਦੇਸ਼ ਦੀ ਭੋਲੀ ਭਾਲੀ ਜਨਤਾ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।
ਇਹ ਨਾਟਕ ਸੰਕੇਤਕ ਸ਼ੈਲੀ ਵਿੱਚ ਖੇਡਿਆ ਗਿਆ, ਜਿਸ ਵਿੱਚ ਭਾਰਤ ਨੂੰ ਇੱਕ ਪਾਤਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਭਰਤੂ ਨਾਂ ਦੇ ਇਸ ਪਾਤਰ ਨੂੰ ਕਿਵੇਂ ਭਾਰਤ ਸਿੰਘ ਸੋਨਪੰਛੀ ਤੋਂ ਭਰਤੂ ਬਣਾ ਕੇ ਰੱਖ ਦਿੱਤਾ ਹੈ। ਪਿਛਲੇ ਲਗਭਗ ਸੱਤਰ ਸਾਲਾਂ ਤੋਂ ਉਸ ਭਰਤੂ ਦਾ ਮਾਸ ਨੋਚਿਆ ਜਾ ਰਿਹਾ ਹੈ। ਇਸ ਮਾਸ ਨੋਚਣ ਵਾਲੇ ਦ੍ਰਿਸ਼ ਨੇ ਲੋਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਅਖੀਰ ਵਿੱਚ ਲਵਦੀਪ ਵੱਲੋਂ ਗੀਤ ‘ਐ ਚਾਨਣ ਦੇ ਕਾਤਲੋ ਕਿਉਂ ਭੁੱਲਾਂ ਕਰਦੇ, ਲੱਖਾਂ ਸੂਰਜ ਨੂੜ ਲਓ, ਇਹਨਾਂ ਰਹਿਣਾ ਚੜਦੇ’ ਗਾਇਆ ਗਿਆ। ਕਲਾਕਾਰਾਂ ਵਿੱਚ ਦਲਜੀਤ ਡਾਲੀ, ਹਰਮੀਤ ਭੁੱਲਰ, ਫਤਹਿ ਸੋਹੀ, ਤੁਸ਼ਾਰ ਮੁੰਧ, ਦਮਨਪ੍ਰੀਤ, ਜਸ਼ਨਪ੍ਰੀਤ ਆਸ਼ਟਾ ਤੇ ਵਿਕਰਮ ਨੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਈਆਂ। ਸਾਰਥਕ ਰੰਗਮੰਚ ਦੇ ਸਕੱਤਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਇਸ ਨਾਟਕ ਦਾ ਅਠਾਰਵਾਂ ਸ਼ੋਅ ਸੀ।