ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਨਵੰਬਰ
ਇਥੇ ਦੇਵੀਗੜ੍ਹ ਰੋਡ ’ਤੇ ਪਟਿਆਲਾ ਸ਼ਹਿਰ ਦੇ ਪੈਰਾਂ ’ਚ ਵੱਸੇ ਪਿੰਡ ਘਲੋੜੀ ਵਿੱਚ 4.5 ਕਰੋੜ ਰੁਪਏ ਦੀ ਲਾਗਤ ਨਾਲ ਪੰੰਜ ਏਕੜੀ ਵਿੱਚ ਬਣੀ ਅਤਿ-ਆਧੁਨਿਕ ਨਵੀਂ ਮੱਛੀ ਮੰਡੀ ਚਾਲੂ ਹੋ ਗਈ ਹੈ। ਮੱਛੀ ਮੰਡੀ ਦਾ ਉਦਘਾਟਨ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹਲਕਾ ਸਨੌਰ ਦੇ ਵਿਧਾਇਕ ਹਲਕਾ ਹਰਮੀਤ ਸਿੰਘ ਪਠਾਣਮਾਜਰਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੱਛੀ ਮੰਡੀ ਨੂੰ ਥੋਕ ਮੰਡੀ ਵਜੋਂ ਵਿਕਸਿਤ ਕੀਤਾ ਗਿਆ ਹੈ ਅਤੇ ਜਿਸ ਦੇ ਵਿਕਾਸ ਨਾਲ ਮੱਛੀ ਪਾਲਣ ਉਦਯੋਗ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਸਥਾਨਕ ਮੱਛੀ ਵਿਕਰੇਤਾਵਾਂ ਲਈ ਆਮਦਨ ਦੇ ਨਵੇਂ ਮੌਕੇ ਪੈਦਾ ਹੋਣਗੇ।
ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਦੱਸਿਆ ਇਸ ਮੰਡੀ ਦੀ ਕੁੱਲ ਵਿਕਾਸ ਲਾਗਤ ’ਤੇ ਖਰਚ 4.12 ਕਰੋੜ ਵਿੱਚੋਂ 2.12 ਕਰੋੜ ਰੁਪਏ ਪੰਜਾਬ ਮੰਡੀ ਬੋਰਡ ਅਤੇ 2 ਕਰੋੜ ਮੱਛੀ ਪਾਲਣ ਵਿਭਾਗ ਵੱਲੋਂ ਖਰਚ ਕੀਤੇ ਗਏ ਹਨ। ਮੰਤਰੀ ਨੇ ਦੱਸਿਆ ਕਿ 5 ਏਕੜ ’ਤੇ ਆਧਾਰਤ ਇਸ ਮੱਛੀ ਮੰਡੀ ਵਿਚ ਇੱਕ ਏਕੜ ’ਤੇ ਮਾਰਕੀਟ ਬਣਾਈ ਗਈ ਹੈ ਅਤੇ ਬਾਕੀ 4 ਏਕੜ ਜ਼ਮੀਨ ਵਿੱਚ ਪ੍ਰਚੂਨ ਫਿਸ਼ ਮਾਰਕੀਟ ਨੂੰ ਵਿਕਸਿਤ ਕਰਨ ਦੀ ਯੋਜਨਾ ਹੈ। ਇੱਥੇ 20 ਦੁਕਾਨਾਂ ਹਨ ਜਿਨ੍ਹਾਂ ਵਿੱਚੋਂ 10 ਦੁਕਾਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ 10 ਦੁਕਾਨਾਂ ਦੀ ਅਜੇ ਨਿਲਾਮੀ ਕੀਤੀ ਜਾਣੀ ਹੈ। ਇਸ ਮਾਰਕੀਟ ਦੇ ਪੂਰੀ ਤਰ੍ਹਾਂ ਚੱਲਣ ਉਪਰੰਤ ਰਿਟੇਲ ਮਾਰਕੀਟ ਦੇ ਕੰਮ ਨੂੰ ਸ਼ੁਰੂ ਕੀਤਾ ਜਾਵੇਗਾ। ਮਾਰਕੀਟ ਵਿੱਚ ਓਵਰਹੈਡ ਵਾਟਰ ਟੈਂਕ, ਸੀਵਰੇਜ ਟ੍ਰੀਟਮੈਂਟ ਪਲਾਂਟ, ਟੌਇਲਟ ਬਲੌਕ, ਦਫ਼ਤਰ ਬਲੌਕ, ਪਾਰਕਿੰਗ ਤੇ ਵਧੀਆ ਸੜਕਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਇਸ ਵਕਤ 44 ਹਜ਼ਾਰ ਹੈਕਟੇਅਰ ਰਕਬਾ ਮੱਛੀ ਪਾਲਣ ਹੇਠ ਹੈ ਜਿਸ ਨੂੰ ਹੋਰ ਵਧਾਇਆ ਜਾਵੇਗਾ। ਇਸ ਮੌਕੇ ‘ਆਪ’ ਆਗੂ ਹਰਪਾਲ ਜੁਨੇਜਾ ਵੀ ਮੌਜੂਦ ਸਨ। ਇਸ ਮੌਕੇ ਮੌਜੂਦ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੀ ਖੁਸ਼ਹਾਲੀ ਲਈ ਜ਼ਰੂਰੀ ਹੈ ਕਿ ਕਿਸਾਨ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਵੀ ਅਪਣਾਉਣ। ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਮੰਤਰੀ ਸਾਹਮਣੇ ਇਲਾਕੇ ਦੀਆਂ ਮੰਗਾਂ ਰੱਖੀਆਂ
2500 ਕਰੋੜ ਨਾਲ ਸੜਕਾਂ ਤੇ ਮੰਡੀ ਸ਼ੈੱਡਾਂ ਦੀ ਹੋਵੇਗੀ ਕਾਇਆ ਕਲਪ : ਬਰਸਟ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਜਲਦੀ ਹੀ 2500 ਕਰੋੜ ਨਾਲ ਸੜਕਾਂ ਅਤੇ ਮੰਡੀਆਂ ਦੇ ਸ਼ੈੱਡਾਂ ਦਾ ਕੰਮ ਸ਼ੁਰੂ ਕੀਤਾ ਜਾਵੇਗਾ। 200 ਮੰਡੀਆਂ ’ਚ ਏਟੀਐਮ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।