ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਜਨਵਰੀ
ਕਦੇ ਅਕਾਲੀ ਅਕਾਲੀ- ਭਾਈ ਭਾਈ ਕਹਿਣ ਵਾਲੇ ਅੱਜ ਇਕ ਦੂਜੇ ਦੇ ਵਿਰੁੱਧ ਚੋਣ ਲੜ ਰਹੇ ਹਨ ਤੇ ਇਕ ਦੂਜੇ ਵਿਰੁੱਧ ਬੋਲ ਵੀ ਰਹੇ ਹਨ ਪਰ ਦੋਵਾਂ ਦੀ ਕਮਾਲ ਇਹ ਦੇਖੋ ਕਿ ਇੱਕੋ ਬਿਲਡਿੰਗ ਵਿਚ ਦੋਵਾਂ ਦੇ ਚੋਣ ਦਫ਼ਤਰ ਵੀ ਚੱਲ ਰਹੇ ਹਨ। ਜਿਨ੍ਹਾਂ ਦੀ ਹਿੱਕ ਵੀ ਭਿੜਦੀ ਹੈ ਹੋਰਡਿੰਗ ਵੀ ਚਮਕਦੇ ਹਨ।
ਮਾਮਲਾ ਪਟਿਆਲਾ ਤੋਂ ਆਮ ਆਦਮੀ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਅਜੀਤਪਾਲ ਸਿੰਘ ਕੋਹਲੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਚੋਣ ਲੜ ਰਹੇ ਹਰਪਾਲ ਜੁਨੇਜਾ ਦਾ ਵਿਚਾਰਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲ ਹੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਕਹਾਉਣ ਵਾਲੇ ਅਜੀਤਪਾਲ ਸਿੰਘ ਕੋਹਲੀ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਤੇ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਆਪਣੀ ਹੀ ਪਾਰਟੀ ਵਿਰੁੱਧ ਚੋਣ ਲੜਨ ਲਈ ਤਿਆਰ ਕੀਤਾ ਹੈ। ਫੁਆਰਾ ਚੌਕ ਤੋਂ ਚਿਲਡਰਨ ਚੌਕ ਵੱਲ ਜਾਂਦਿਆਂ ਇਕ ਵੱਡੀ ਇਮਾਰਤ ਵਿੱਚ ‘ਆਪ’ ਤੇ ਅਕਾਲੀ ਦਲ ਨਾਲ ਸਬੰਧਤ ਉਮੀਦਵਾਰਾਂ ਦੇ ਚੋਣ ਦਫ਼ਤਰ ਖੋਲੇ ਮਿਲਦੇ ਹਨ। ਇਕ ਪਾਸੇ ‘ਆਪ’ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਦੇ ਵੱਡੇ ਵੱਡੇ ਹੋਰਡਿੰਗ ਲੱਗੇ ਮਿਲਦੇ ਹਨ, ਦੂਜੇ ਪਾਸੇ ਅਕਾਲੀ ਉਮੀਦਵਾਰ ਹਰਪਾਲ ਜੁਨੇਜਾ ਦੇ ਹੋਰਡਿੰਗ ਲੱਗੇ ਹੋਏ ਹਨ। ਦੋਵਾਂ ਦੇ ਸਮਰਥਕਾਂ ਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ ਹੈ ਸਗੋਂ ਦੋਵਾਂ ਦੇ ਸਮਰਥਕ ਆਪਸ ਵਿੱਚ ਬੋਲ ਵੀ ਪੈਂਦੇ ਹਨ, ਉਂਜ ਨਾਅਰੇਬਾਜ਼ੀ ਆਪੋ ਆਪਣੇ ਉਮੀਦਵਾਰ ਦੇ ਪੱਖ ਵਿੱਚ ਕਰਦੇ ਹਨ। ਹਰਪਾਲ ਜੁਨੇਜਾ ਦਾ ਕਹਿਣਾ ਸੀ ਕਿ ਸਾਡਾ ਦਫ਼ਤਰ ਤਾਂ ਇੱਥੇ ਪੁਰਾਣਾ ਚੱਲ ਰਿਹਾ ਹੈ ਤੇ ਚੋਣ ਪ੍ਰਚਾਰ ਤੇ ਸਾਰੇ ਕੰਮ ਇੱਥੋਂ ਹੀ ਕੀਤੇ ਜਾਂਦੇ ਹਨ ਜਦ ਕਿ ਅਜੀਤਪਾਲ ਸਿੰਘ ਕੋਹਲੀ ਨੇ ਇਸ ਸਵਾਲ ਨੂੰ ਹੱਸ ਕੇ ਟਾਲ ਦਿੱਤਾ।
‘ਆਪ’ ਵਰਕਰ ਕਾਂਗਰਸ ਵਿੱਚ ਸ਼ਾਮਲ
ਦੇਵੀਗੜ੍ਹ (ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਹਲਕਾ ਸਨੌਰ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ’ਚ ਪਿੰਡ ਘੜਾਮ ’ਚ ਹੈਰੀ ਵਿਰਕ ਦੇ ਗ੍ਰਹਿ ਵਿੱਚ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਕਈ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਚ ਹੈਰੀ ਵਿਰਕ, ਸੰਦੀਪ ਸਿੰਘ, ਸਰਬਜੀਤ, ਗੁਰਨਾਮ, ਤੇਜੀ ਪੱਟੀ, ਗੁਪਿੰਦਰ ਜੌਹਲ, ਸਾਬਰ ਬਾਬਾ ਜੀ ਪ੍ਰਮੁੱਖ ਹਨ। ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਹਲਕੇ ਅੰਦਰ ਜਿੱਥੇ ਪਾਰਟੀ ਹੋਰ ਮਜ਼ਬੂਤ ਹੋਈ ਹੈ ਉੱਥੇ ਹੀ ਮਿਹਨਤੀ ਵਰਕਰ ਵੀ ਪਾਰਟੀ ਨੂੰ ਮਿਲੇ ਹਨ।