ਖੇਤਰੀ ਪ੍ਰਤੀਨਿਧ
ਪਟਿਆਲਾ, 4 ਅਕਤੂਬਰ
ਖੇਤੀ ਕਾਨੂੰਨਾਂ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੀ ਭੂਮਿਕਾ ’ਤੇ ਟਿੱਪਣੀ ਕਰਦਿਆਂ, ਸੀਨੀਅਰ ਆਗੂ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਇਸ ਸੰਜੀਦਾ ਮੁੱਦੇ ’ਤੇ ਹੁਣ ਅਕਾਲੀਆਂ ਦਾ ਹਾਲ ਮਗਰ ਮੱਛ ਦੇ ਹੰਝੂ ਵਹਾਉਣ ਵਾਲ਼ਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਇਹ ਗੱਲ ਜੱਗ-ਜ਼ਾਹਰ ਹੈ ਕਿ ਲੋਕ ਸਭਾ ਦੇ ਅੰਦਰ ਅਤੇ ਬਾਹਰ ਇਨ੍ਹਾਂ ਹੀ ਖੇਤੀ ਵਿਰੋਧੀ ਕਾਨੂੰਨਾਂ ਦੇ ਹੱਕ ਵਿਚ ਭੁਗਤਦੇ ਰਹੇ ਅਕਾਲੀ ਹੁਣ ਕਿਸਾਨਾਂ ਦੀ ਹਮਦਰਦੀ ਹਾਸਲ ਕਰਨ ਲਈ ਹੀ ਤਰਲੋੋ ਮੱਛੀ ਹੋਏ ਫਿਰਦੇ ਹਨ।
ਇੱਥੇ ਮੀਡੀਆ ਨਾਲ਼ ਗੱਲਬਾਤ ਦੌਰਾਨ ਸੰਤੋਖ ਸਿੰਘ ਨੇ ਕਿਹਾ ਕਿ ਪਹਿਲਾਂ ਅਕਾਲੀ ਪਾਣੀਆਂ ਦੇ ਮਾਮਲੇ ’ਤੇ ਵੀ ਵਿਕਦੇ ਰਹੇ ਹਨ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਪਾਣੀਆਂ ਖ਼ਿਲਾਫ਼ ਐਕਟ ਪਾਸ ਕਰਕੇ ਨਵਾਂ ਇਤਿਹਾਸ ਰਚਿਆ ਸੀ। ਹੁਣ ਵੀ ਮੁੱਖ ਮੰਤਰੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਕੇਂਦਰੀ ਵਜ਼ੀਰੀ ਅਤੇ ਭਾਜਪਾ ਦਾ ਸਾਥ ਵੀ ਆਪਣਾ ਵੋਟ ਬੈਂਕ ਖੁਰਦਾ ਦੇਖ ਕੇ ਛੱਡਿਆ ਹੈ। ਉਨ੍ਹਾਂ ਕਿਹਾ ਕਿ ਇਕੱਠ ਦੱਸਦੇ ਹਨ ਕਿ ਕਿਸਾਨ ਹੁਣ ਅਕਾਲੀਆਂ ਦੀ ਕਿਸੇ ਵੀ ਗੱਲ ’ਤੇ ਭਰੋਸਾ ਨਹੀਂ ਕਰਨਗੇ।