ਖੇਤਰੀ ਪ੍ਰਤੀਨਿਧ
ਪਟਿਆਲਾ, 12 ਮਈ
ਕੇਂਦਰੀ ਜੇਲ੍ਹ ਪਟਿਆਲਾ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਜੇਲ੍ਹ ਅੰਦਰ ਵਧਾਈ ਗਈ ਚੌਕਸੀ ਦੇ ਚੱਲਦਿਆਂ ਘਰ ਦੀ ਸ਼ਰਾਬ, ਮੋਬਾਈਲ ਫੋਨ, ਤੰਬਾਕੂ ਅਤੇ ਹੋਰ ਪਾਬੰਦੀਸ਼ੁਦਾ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ। ਭਾਵੇਂ ਕਿ ਇਸ ਸਬੰਧੀ ਪੁਲੀਸ ਵੱਲੋਂ ਜਾਂਚ ਪੜਤਾਲ਼ ਕੀਤੀ ਜਾ ਰਹੀ ਹੈ, ਪਰ ਮੁਢਲੀ ਤਫਤੀਸ਼ ਦੌਰਾਨ ਇਹ ਵਸਤਾਂ ਜੇਲ੍ਹ ਦੇ ਕੰਧ ਦੇ ਉਪਰੋਂ ਦੀ ਕਿਸੇ ਵੱਲੋਂ ਬਾਹਰੋਂ ਸੁੱਟੀਆਂ ਹੋਈਆਂ ਮੰਨੀਆਂ ਜਾ ਰਹੀਆਂ ਹਨ। ਇਹ ਸਾਰੀਆਂ ਵਸਤਾਂ ਚਾਰ ਪੈਕੇਟਾਂ ’ਚ ਸਨ। ਇਨ੍ਹਾਂ ਪੈਕਟਾਂ ਵਿਚ ਦੋ ਮੋਬਾਈਲ ਫੋਨ ਸਨ ਜਿਨ੍ਹਾਂ ਨਾਲ ਹੀ ਦੋ ਡਾਟਾ ਕੇਬਲ ਵੀ ਸਨ। ਇਸ ਤੋਂ ਇਲਾਵਾ ਘਰ ਦੀ ਕੱਢੀ ਹੋਈ ਸ਼ਰਾਬ ਦੀਆਂ ਦੋ ਬੋਤਲਾਂ ਵੀ ਮਿਲੀਆਂ ਹਨ। ਜਦਕਿ 52 ਪੁੜੀਆਂ ਜਰਦਾ ਵੀ ਮਿਲਿਆ ਹੈ। ਦੋ ਤੰਬਾਕੂ ਦੀਆਂ ਪੁੜੀਆਂ ਵੀ ਹਨ। ਛੇ ਪੇਪਰ ਰੋਲ ਵੀ ਬਰਾਮਦ ਹੋਇਆ ਹੈ। ਡੀਐਸਪੀ ਸਿਟੀ 2 ਮੋਹਿਤ ਅਗਰਵਾਲ ਦਾ ਕਹਿਣਾ ਸੀ ਇਸ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਵਿਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕੇਸ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਏਡੀਸੀ ਵੱਲੋਂ ਕੇਂਦਰੀ ਜੇਲ੍ਹ ਦਾ ਨਿਰੀਖਣ
ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਵੱਲੋਂ ਅੱਜ ਕੇਂਦਰੀ ਜੇਲ੍ਹ ਪਟਿਆਲਾ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਕੈਦੀਆਂ ਤੇ ਹਵਾਲਾਤੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨਾਲ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਤੇ ਵਧੀਕ ਸੁਪਰਡੈਂਟ ਗੁਰਚਰਨ ਸਿੰਘ ਧਾਲ਼ੀਵਾਲ ਵੀ ਮੌਜੂਦ ਸਨ। ਏਡੀਸੀ ਨੇ ਜੇਲ੍ਹ ਦੀ ਸੁਰੱਖਿਆ ਤੋਂ ਇਲਾਵਾ ਕੈਦੀਆਂ ਤੇ ਹਵਾਲਾਤੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਜੇਲ੍ਹ ਅਧਿਕਾਰੀਆਂ ਨੂੰ ਆਖਿਆ ਕਿ ਉਹ ਕੈਦੀਆਂ ਤੇ ਹਵਾਲਾਤੀਆਂ ਨੂੰ ਵੱਧ ਤੋਂ ਵੱਧ ਹੱਥੀਂ ਕੰਮ ਕਰਨ ਦੀ ਟ੍ਰੇਨਿੰਗ ਦੇਣ ਤਾਂ ਕਿ ਉਹ ਰਿਹਾਅ ਹੋ ਕੇ ਆਪਣਾ ਕੋਈ ਰੁਜ਼ਗਾਰ ਸ਼ੁਰੂ ਕਰ ਸਕਣ। ਏਡੀਸੀ ਨੇ ਬੰਦੀਆਂ ਨੂੰ ਦਿਤੇ ਜਾਂਦੇ ਖਾਣੇ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਜੇਲ੍ਹ ’ਚ ਬਣੇ ਹਸਪਤਾਲ ਸਮੇਤ ਵੱਖ-ਵੱਖ ਬੈਰਕਾਂ ਦਾ ਵੀ ਜਾਇਜ਼ਾ ਲਿਆ। ਹਸਪਤਾਲ ਦੇ ਨਿਰੀਖਣ ਦੌਰਾਨ ਮਰੀਜ਼ ਕੈਦੀਆਂ ਦਾ ਹਾਲ ਚਾਲ ਵੀ ਪੁੱਛਿਆ।