ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਸਤੰਬਰ
ਕਾਨੂੰਨ ਦਾ ਪਾਠ ਪੜ੍ਹਾਉਣ ਵਾਲੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਵਿਚ ਹੀ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਲਾਅ ਦੀ ਪੜ੍ਹਾਈ ਕਰਨ ਲਈ ਸਿੱਧੂਵਾਲ ਪਿੰਡ ਨੂੰ ਦਿੱਤੀ ਇਕ ਰਾਖਵੀਂ ਸੀਟ ਬਦਲੇ ਦੋ ਸੀਟਾਂ ਭਰ ਦਿੱਤੀਆਂ ਗਈਆਂ ਹਨ, ਭਰੀਆਂ ਦੋ ਸੀਟਾਂ ਵਿਚ ਵੀ ਘਪਲੇਬਾਜ਼ੀ ਦੇ ਦੋਸ਼ ਲੱਗ ਰਹੇ ਹਨ।
ਇਕ ਸੀਟ ਦੀ ਦਾਅਵੇਦਾਰ ਸਨੇਤ ਗਰੇਵਾਲ ਦੇ ਪਿਤਾ ਡੀਐਸ ਗਰੇਵਾਲ ਨੇ ਕਿਹਾ ਹੈ ਕਿ ਜਿਸ ਲਾਅ ਯੂਨੀਵਰਸਿਟੀ ਦੇ ਚਾਂਸਲਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਹਨ, ਵਿਚ ਕਾਨੂੰਨ ਦੀਆਂ ਮੱਦਾਂ ਦਾ ਕਤਲ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਲਾਅ ਯੂਨੀਵਰਸਿਟੀ ਪਟਿਆਲਾ ਸਿੱਧੂਵਾਲ ਦੀ ਸ਼ਾਮਲਾਤ ਜ਼ਮੀਨ ’ਤੇ ਬਣੀ ਹੈ, ਜਿਸ ਬਦਲੇ ਯੂਨੀਵਰਸਿਟੀ ਵਿਚ ਲਾਅ ਦੀ ਪੜ੍ਹਾਈ ਲਈ ਪਿੰਡ ਸਿੱਧੂਵਾਲ ਲਈ ਇਕ ਸੀਟ ਰਾਖਵੀਂ ਹੈ। ਇਸ ਸਾਲ ਇਸ ਸੀਟ ਲਈ ਤਿੰਨ ਉਮੀਦਵਾਰਾਂ ਨੇ ਦਾਅਵਾ ਕੀਤਾ, ਜਿਸ ਕਰਕੇ ਯੂਨੀਵਰਸਿਟੀ ਅਧਿਕਾਰੀਆਂ ਨੇ ਇਨ੍ਹਾਂ ਦੇ ਰਿਹਾਇਸ਼ੀ ਸਬੂਤਾਂ ਦੀ ਜਾਂਚ ਕਰਨ ਲਈ ਪਟਿਆਲਾ ਦੇ ਡੀਸੀ ਨੂੰ ਲਿਖਿਆ, ਉਸ ਸਬੰਧੀ ਰਿਪੋਰਟ ਆ ਗਈ, ਜਿਸ ਵਿਚ ਪਰਥ ਗੁਪਤਾ ਆਪਣਾ ਪੱਖ ਨਾ ਪੇਸ਼ ਕਰ ਸਕਣ ਦਾ ਖ਼ੁਲਾਸਾ ਕੀਤਾ ਗਿਆ, ਪਰ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਫ਼ੈਸਲਾ ਨਾ ਕੀਤਾ, ਤਾਂ ਪਿੰਡ ਵਾਸੀਆਂ ਨੇ ਯੂਨੀਵਰਸਿਟੀ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ। ਉਸ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਇਕ ਸੀਟ ਬਦਲੇ ਦੋ ਸੀਟਾਂ ਭਰ ਦਿੱਤੀਆਂ ਗਈਆਂ। ਇਸ ਬਦਲੇ ਯੂਨੀਵਰਸਿਟੀ ਦੇ ਰਜਿਸਟਰਾਰ ਨਰੇਸ਼ ਕੁਮਾਰ ਵਤਸ ਨਾਲ ਉਨ੍ਹਾਂ ਦੇ ਮੋਬਾਈਲ ’ਤੇ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਉਹ ਇਸ ਬਾਬਤ ਕੁਝ ਨਹੀਂ ਕਹਿਣਾ ਚਾਹੁੰਦਾ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਵਾਲਾਂ ਦੇ ਜਵਾਬ ਚਾਹੁੰਦੇ ਹੋ ਤਾਂ ਸਾਡੀ ਪੀਆਰ ਮੇਲ ’ਤੇ ਮੈਨੂੰ ਸਵਾਲ ਭੇਜ ਦਿਓ ਤੁਹਾਨੂੰ ਤੁਰੰਤ ਜਵਾਬ ਦਿਆਂਗੇ। ਲਿਹਾਜ਼ਾ ਯੂਨੀਵਰਸਿਟੀ ਦੇ ਅਧਿਕਾਰੀ ਇਸ ਸਬੰਧੀ ਕੁਝ ਵੀ ਨਹੀਂ ਕਹਿਣਾ ਚਾਹੁੰਦੇ।