ਖੇਤਰੀ ਪ੍ਰਤੀਨਿਧ
ਪਟਿਆਲਾ, 1 ਅਕਤੂਬਰ
ਇਥੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਫ਼ਦ ਅੱਜ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਸ਼ਨਰਜੀਤ ਸਿੰਘ ਬਰਾੜ ਨੂੰ ਮਿਲਿਆ। ਇਸ ਵਫ਼ਦ ਦੀ ਅਗਵਾਈ ਕਰਦਿਆਂ, ਕਮੇਟੀ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੋੜਾਂ ਕਲਾਂ ਅਤੇ ਸੁਖਵਿੰਦਰ ਸਿੰਘ ਚੁਹੜਪੁਰ ਮਰਾਸੀਆਂ ਦਾ ਕਹਿਣਾ ਸੀ ਕਿ ਮਜ਼ਦੂਰਾਂ, ਦਲਿਤਾਂ ਅਤੇ ਹਰ ਦਬੇ ਕੁਚਲੇ ਵਰਗਾਂ ਦੇ ਲੋਕਾਂ ਨਾਲ ਹਰ ਪੱਧਰ ’ਤੇ ਵਧੀਕੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ, ਜਿੱਥੇ ਦਲਿਤਾਂ ਨੂੰ ਸ਼ਾਮਲਾਟ ਜ਼ਮੀਨਾ ਵਿੱਚੋਂ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਨਹੀਂ ਦਿੱਤੀ ਜਾ ਰਹੀ, ਉਥੇ ਹੀ ਹੁਣ ਰਾਸ਼ਨ ਆਦਿ ਵੰਡਣ ਦੇ ਮਾਮਲੇ ਵਿੱਚ ਵੀ ਉਨ੍ਹਾਂ ਦੇ ਨਾਲ਼ ਧ੍ਰੋਹ ਕਮਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦਲਿਤਾਂ ਤੇ ਗਰੀਬਾਂ ਨਾਲ਼ ਅਜਿਹੇ ਧੱਕੇ ਦਾ ਪ੍ਰਸ਼ਾਸਨ ਨੇ ਕੋਈ ਹੱਲ 1ਨਾ ਕੀਤਾ, ਤਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਗਲਾ ਸੰਘਰਸ਼ ਉਲੀਕੇਗੀ। ਉਨ੍ਹਾਂ ਨੇ ਡਿੱਪੂ ਨਾਲ ਸਬੰਧਤ ਅਧਿਕਾਰੀਆਂ ’ਤੇ ਬਣਦੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਸ ਮੌਕੇ ਕਰਨੈਲ ਸਿੰਘ ਅਤੇ ਬਿੱਟੂ ਸਿੰਘ ਆਦਿ ਕਮੇਟੀ ਆਗੂ ਵੀ ਹਾਜ਼ਰ ਸਨ, ਜਿਨ੍ਹਾਂ ਨੇ ਪਿੰਡਾਂ ਵਿੱਚ ਮਜ਼ਦੂਰਾਂ ਨਾਲ ਘਪਲੇ ਦੇ ਦੋਸ਼ ਲਾਏ ਅਤੇ ਕਿਹਾ ਕਿ ਸਸਤੀ ਕਣਕ ਸਰਕਾਰੀ ਡਿੱਪੂ ਵੱਲੋਂ ਮਜ਼ਦੂਰਾਂ ਨੂੰ ਸਮਾਰਟ ਕਾਰਡ ’ਤੇ ਦਿੱਤੀ ਜਾਂਦੀ ਹੈ, ਪਰ ਪਿਛਲੀ ਵਾਰ ਵੀ ਦਲਿਤਾਂ ਨੂੰ ਕਣਕ ਵਜ਼ਨ ਮੁਤਾਬਕ ਘੱਟ ਦਿੱਤੀ ਗਈ ਅਤੇ ਇਸ ਵਾਰ ਵੀ ਘੱਟ ਦਿੱਤੀ ਜਾ ਰਹੀ ਸੀ। ਜਿਸ ਕਾਰਨ ਹੀ ਇਹ ਮਾਮਲਾ ਉਨ੍ਹਾਂ ਨੂੰ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਲਈ ਮਜਬੂਰ ਹੋਣਾ ਪਿਆ ਹੈ।