ਗੁਰਨਾਮ ਸਿੰਘ ਅਕੀਦਾ
ਪਟਿਆਲਾ, 18 ਮਈ
ਪਟਿਆਲਾ ਸ਼ਹਿਰ ਦੇ ਸਮਾਣੀਆ ਗੇਟ ਤੋਂ ਸਨੌਰੀ ਅੱਡਾ, ਕਿਲ੍ਹਾ ਚੌਕ ਤੇ ਏ ਟੈਂਕ ਤੱਕ ਬਣਨ ਵਾਲੀ ਹੈਰੀਟੇਜ ਸਟਰੀਟ ਬਣਾਏ ਜਾਣ ਤੇ ਆਮ ਆਦਮੀ ਪਾਰਟੀ ਦੀ ਪਟਿਆਲਾ ਇਕਾਈ ਨੇ ਵੱਡੇ ਘਪਲੇ ਦੇ ਦੋਸ਼ ਲਗਾਏ ਹਨ, ਨਾਲ ਹੀ ਉਨ੍ਹਾਂ ਮੌਕੇ ’ਤੇ ਜਾ ਕੇ ਲੋਕਾਂ ਦੀਆਂ ਬਰਬਾਦ ਹੋ ਰਹੀਆਂ ਜ਼ਿੰਦਗੀਆਂ ਬਾਰੇ ਵੀ ਚਾਨਣਾ ਪਾਇਆ। ਇਸ ਵੇਲੇ ‘ਆਪ’ ਆਗੂਆਂ ਨੇ ਇਸ ਮਾਮਲੇ ਸਬੰਧੀ ਉੱਚ ਪੱਧਰੀ ਜਾਂਚ ਕਰਾਉਣ ਦਾ ਐਲਾਨ ਵੀ ਕੀਤਾ, ਦੂਜੇ ਪਾਸੇ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ।
ਆਮ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲਣ ’ਤੇ ਅੱਜ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿੱਚ ਆਪ ਆਗੂਆਂ ਨੇ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ, ਕਿਸ਼ਨ ਚੰਦ ਬੁੱਧੂ, ਕੇ ਕੇ ਸਹਿਗਲ ਵੀ ਹਾਜ਼ਰ ਸਨ। ਸ੍ਰੀ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਇਲਾਕੇ ਦੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ, ਜਿੱਥੇ ਲੋਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਹੈਰੀਟੇਜ ਸਟਰੀਟ ਦਾ ਵਿਰੋਧ ਕੀਤਾ ਗਿਆ। ਉਥੇ ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਹੈਰੀਟੇਜ ਸਟਰੀਟ ਬਣਾਉਣ ਦੇ ਨਾਮ ’ਤੇ ਚੰਗੀਆਂ ਭਲੀਆਂ ਲੁੱਕ ਵਾਲੀਆਂ ਸੜਕਾਂ ਤੋੜ ਕੇ ਉਨ੍ਹਾਂ ਦੀ ਥਾਂ ਪੱਥਰ ਦੇ ਰੋੜੇ ਲਗਾ ਕੇ ਸੜਕ ਬਣਾ ਦਿੱਤੀ ਗਈ। ਸੜਕ ਵਿੱਚ ਲਗਾਏ ਰੋੜੇ ਥਾਂ-ਥਾਂ ਤੋਂ ਉੱਖੜ ਚੁੱਕੇ ਹਨ, ਜਿਸ ਨਾਲ ਲੋਕ ਡਿੱਗ ਰਹੇ ਹਨ ਤੇ ਉਨ੍ਹਾਂ ਨੂੰ ਸੱਟਾਂ ਲੱਗ ਰਹੀਆਂ ਹਨ। ਕੰਮ ਵੱਲ ਧਿਆਨ ਨਹੀਂ ਦਿੱਤਾ ਗਿਆ ਹੈ। ਜੇ ਕੋਈ ਮਾੜਾ ਮੋਟਾ ਕੰਮ ਹੋਇਆ ਵੀ ਹੈ ਤਾਂ ਬਿਲਕੁਲ ਘਟੀਆ ਕਿਸਮ ਦਾ ਹੋਇਆ ਹੈ। ਹੈਰੀਟੇਜ ਸਟਰੀਟ ਦਾ 64 ਕਰੋੜ ਰੁਪਏ ਦਾ ਟੈਂਡਰ ਸੀ, ਪਰ ਸਿਰਫ਼ ਅੱਧਾ ਕਿੱਲੋਮੀਟਰ ਸਟਰੀਟ ਬਣਾ ਕੇ ਕੰਮ ਬੰਦ ਕਰ ਦਿੱਤਾ ਗਿਆ। ਇਸ ਵਿੱਚ ਵੱਡਾ ਘਪਲਾ ਹੋਣ ਦੀ ਸੰਭਾਵਨਾ ਹੈ। ਇਸ ਲਈ ਇਸ ਪ੍ਰਾਜੈਕਟ ਦੀ ਜਾਂਚ ਜਲਦ ਹੀ ਕਰਵਾਈ ਜਾਵੇਗੀ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਈਵੈਂਟ ਇੰਚਾਰਜ ਅੰਗਰੇਜ਼ ਸਿੰਘ ਰਾਮਗੜ੍ਹ, ਸੀਨੀਅਰ ਆਗੂ ਸੰਦੀਪ ਬੰਧੂ, ਗੁਰਦਰਸ਼ਨ ਸਿੰਘ ਓਬਰਾਏ, ਵਪਾਰ ਮੰਡਲ ਪ੍ਰਧਾਨ, ਜਗਤਾਰ ਤਾਰੀ, ਅਸੀਸ ਨਈਅਰ, ਗੋਲੂ ਰਾਜਪੂਤ, ਮੋਨੂੰ, ਸੋਨੀਆ ਦੇਵੀ, ਰਣਬੀਰ ਅਤੇ ਹੋਰ ਸਾਥੀ, ਇਲਾਕਾ ਨਿਵਾਸੀਆਂ ਨਾਲ ਮੌਜੂਦ ਸਨ। ਇਸ ਮਾਮਲੇ ਵਿਚ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ।