ਪੱਤਰ ਪ੍ਰੇਰਕ
ਪਟਿਆਲਾ, 7 ਅਗਸਤ
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿੱਚ ਪੰਜਾਬੀ ਦੇ ਸੰਵੇਦਨਸ਼ੀਲ ਸ਼ਾਇਰ ਅੰਮ੍ਰਿਤ ਅਜ਼ੀਜ਼ ਆਸਟ੍ਰੇਲੀਆ ਦੀ ਪੁਸਤਕ ‘ਤੇਰੇ ਨਾਲ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕੀਤੀ। ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਡਾ. ਵੀਰਪਾਲ ਕੌਰ ਨੇ ਬਤੌਰ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵਿੱਚ ਅੰਮ੍ਰਿਤ ਅਜ਼ੀਜ਼, ਡਾ. ਹਰਜਿੰਦਰ ਸਿੰਘ ਵਾਲੀਆ ਅਤੇ ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ ਅਰਪਣ ਕਰਨ ਉਪਰੰਤ ਡਾ. ਭਗਵੰਤ ਸਿੰਘ ਨੇ ਲੇਖਕਾਂ ਦਾ ਸੁਆਗਤ ਕਰਦੇ ਹੋਏ ਦੱਸਿਆ ਕਿ ਆਸਟ੍ਰੇਲੀਆ ਦਾ ਸਿਟੀਜ਼ਨ ਅੰਮ੍ਰਿਤ ਅਜ਼ੀਜ਼ ਬਹੁਤ ਹੀ ਸਹਿਜ ਭਰਪੂਰ ਸ਼ਾਇਰੀ ਕਰਦਾ ਹੈ। ਉਹ ਲੋਕ ਸਰੋਕਾਰਾਂ ਨੂੰ ਸੂਖਮ ਪੱਧਰ ’ਤੇ ਪੇਸ਼ ਕਰਦਾ ਹੈ। ਉਸ ਦੀ ਪਹਿਲੀ ਕਾਵਿ ਪੁਸਤਕ ‘ਤੇਰੇ ਬਿਨਾ’ ਨੇ ਪਾਠਕਾਂ ਦਾ ਧਿਆਨ ਆਕਰਸ਼ਿਤ ਕੀਤਾ ਸੀ। ਇਸ ਮੌਕੇ ਡਾ. ਹਰਜਿੰਦਰ ਸਿੰਘ ਵਾਲੀਆ, ਡਾ. ਰਾਕੇਸ਼ ਸ਼ਰਮਾ, ਕੁਲਵੰਤ ਕਸਕ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਮਾਗਮ ਵਿੱਚ ਗੁਰਨਾਮ ਸਿੰਘ, ਪ੍ਰਿੰਸੀਪਲ ਪੁਸ਼ਿਵੰਦਰ ਰਾਣਾ, ਪ੍ਰਵੀਨ ਕੁਮਾਰ, ਹਰਪ੍ਰੀਤ ਕੌਰ, ਪ੍ਰਿਤਪਾਲ ਕੌਰ ਆਦਿ ਸ਼ਾਮਲ ਸਨ।