ਖੇਤਰੀ ਪ੍ਰਤੀਨਿਧ
ਪਟਿਆਲਾ, 7 ਅਪਰੈਲ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਬਲਾਕ ਭੁਨਰਹੇੜੀ ਦੇ ਵੱਖ-ਵੱਖ ਪਿੰਡਾਂ ਵਿੱਚ ਇਕਾਈਆਂ ਸਥਾਪਤ ਕਰਨ ਲਈ ਕਸਬਾ ਭੁਨਰਹੇੜੀ ਵਿੱਚ ਮੀਟਿੰਗ ਕੀਤੀ ਗਈ। ਇਸ ਦੌਰਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨ ਪਾਲ ਨੇ ਉਨ੍ਹਾਂ ਕਿਹਾ ਕਿ ਕਿ ਆਪਣੇ ਹੱਕਾਂ ਦੀ ਰਖਵਾਲੀ ਅਤੇ ਵਸੂਲੀ ਲਈ ਹੁਣ ਹਰੇਕ ਵਰਗ ਲਈ ਹੀ ਜਾਗਰੂਕ ਅਤੇ ਲਾਮਬੰਦ ਹੋਣਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਥਾਪਤ ਕੀਤੀਆਂ ਗਈਆਂ ਪਿੰਡ ਪੱਧਰੀਆਂ ਇਕਾਈਆਂ ’ਚ ਪਿੰਡ ਉੱਪਲੀ, ਪ੍ਰੌਹੜ, ਅਲੀਵਾਲ, ਭੁੱਨਰਹੇੜੀ, ਪੰਜੇਟਾ, ਦੁੜੱਦ, ਉਲਟਪਰ, ਸ਼ਾਦੀਪੁਰ, ਮਹਿਮੂਦਪੁਰ, ਹੁਸੈਨਪੁਰ, ਪੂਨੀਆ, ਡੇਰਾ ਕੰਕਰੀਆਂ, ਰਾਜੂ ਖੇੜੀ ਪਿੰਡ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਕਮੇਟੀਆਂ ਬਣਨ ਨਾਲ ਕਿਸਾਨ ਸੰਗਠਨ ਹੋਰ ਮਜ਼ਬੂਤ ਹੋਵੇਗਾ। ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਤੋਂ ਇਲਾਵਾ ਚਿੱਪ ਵਾਲੇ ਬਿਜਲੀ ਮੀਟਰ ਅਤੇ ਖੇਤਾਂ ਵਾਲੀ ਬਿਜਲੀ ਸਪਲਾਈ ਸਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਵਾਉਣ ਲਈ ਚਿੱਠੀ ਲਿਖੀ ਗਈ ਹੈ।