ਨਿੱਜੀ ਪੱਤਰ ਪ੍ਰੇਰਕ
ਨਾਭਾ, 25 ਅਗਸਤ
ਇਥੋਂ ਦੀ ਇੱਕ ਦਿਲਚਸਪ ਘਟਨਾ ਲੋਕਾਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿਚ ਨਾਭਾ ਸਿਵਲ ਹਸਪਤਾਲ ’ਚੋਂ ਚੋਰੀ ਹੋਇਆ ਏਸੀ ਚੋਰ ਤਿੰਨ ਦਿਨਾਂ ਬਾਅਦ ਮੋੜ ਗਿਆ। ਤਿੰਨ ਦਿਨ ਪਹਿਲਾਂ ਡਾ. ਅਨੁਮੇਹਾ ਭੱਲਾ ਦੇ ਕਮਰੇ ’ਚੋਂ ਕੋਈ ਸਪਲਿਟ ਏਸੀ ਚੋਰੀ ਕਰਕੇ ਲੈ ਗਿਆ ਜਿਸ ਪਿੱਛੋਂ ਹਸਪਤਾਲ ਨੇ ਪੁਲੀਸ ਨੂੰ ਸ਼ਿਕਾਇਤ ਵੀ ਦਿੱਤੀ। ਪਰ ਇਸ ਤੋਂ ਪਹਿਲਾਂ ਕਿ ਪੁਲੀਸ ਕੋਈ ਕਦਮ ਚੁੱਕਦੀ, ਚੋਰ ਦਾ ਮਨ ਬਦਲ ਗਿਆ ਤੇ ਅੱਜ ਸਵੇਰੇ ਜਦੋਂ ਡਾਕਟਰ ਹਸਪਤਾਲ ਪਹੁੰਚੇ ਤਾਂ ਏਸੀ ਹਸਪਤਾਲ ਦੀ ਰਾਹਦਾਰੀ ’ਚ ਪਿਆ ਦੇਖ ਕੇ ਸਾਰੇ ਹੈਰਾਨ ਰਹਿ ਗਏ। ਹਸਪਤਾਲ ਦੇ ਇੰਚਾਰਜ ਡਾ. ਪ੍ਰਦੀਪ ਅਰੋੜਾ ਨੇ ਦੱਸਿਆ ਕਿ ਕੋਈ ਹਸਪਤਾਲ ਦਾ ਚੋਰੀ ਹੋਇਆ ਏਸੀ ਵਾਪਸ ਰੱਖ ਗਿਆ ਪਰ ਚੋਰ ਦਾ ਅਜੇ ਪਤਾ ਨਹੀਂ ਲੱਗਿਆ। ਨਾਭਾ ਕੋਤਵਾਲੀ ਮੁਖੀ ਹੈਰੀ ਬੋਪਾਰਾਏ ਨੇ ਦੱਸਿਆ ਕਿ ਮਾਮਲਾ ਪੜਤਾਲ ਅਧੀਨ ਸੀ ਤੇ ਅਜੇ ਕੇਸ ਦਰਜ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਿਸ ਕਮਰੇ ’ਚੋਂ ਏਸੀ ਚੋਰੀ ਹੋਇਆ ਸੀ ਉਸ ਦੇ ਡਾਕਟਰ ਅਨੁਮੇਹਾ ਵੱਲੋਂ ਦੋ ਮਹੀਨੇ ਪਹਿਲਾਂ ਨੋਟਿਸ ਲਗਾ ਦਿੱਤਾ ਗਿਆ ਸੀ ਕਿ ਉਨ੍ਹਾਂ ਲਈ ਸਾਰੇ ਮਰੀਜ਼ ਖਾਸ ਹਨ ਤੇ ਉਨ੍ਹਾਂ ਨੂੰ ਕੋਈ ਮਰੀਜ਼ ਪਹਿਲਾਂ ਦੇਖਣ ਲਈ ਫੋਨ ਕਰਕੇ ਮਜਬੂਰ ਨਾ ਕੀਤਾ ਜਾਵੇ। ਮਰੀਜ਼ ਇਹ ਮਖੌਲ ਕਰਦੇ ਨਜ਼ਰ ਆਏ ਕਿ ਲੱਗਦਾ ਹੈ ਪਹਿਲਾਂ ਦੇਖਣ ਤੋਂ ਇਨਕਾਰ ਕਰਨ ’ਤੇ ਕਿਸੇ ਵਿਅਕਤੀ ਨੇ ਡਾਕਟਰ ਨੂੰ ਕੁਝ ਦਿਨ ਗਰਮੀ ’ਚ ਕਟਵਾਉਣੇ ਸੀ।