ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਨਵੰਬਰ
ਅੱਜ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਝੰਡੇ ਹੇਠ ਸੰਘਰਸ਼ ਕਰ ਰਹੀਆਂ ਬੀਬੀਆਂ ਨੇ ਵਣ ਰੇਂਜ ਅਫ਼ਸਰ ਪਟਿਆਲਾ ਦੇ ਦਫ਼ਤਰ ਨੂੰ ਜਿੰਦਾ ਲਾ ਦਿੱਤਾ। ਬੀਬੀਆਂ ਦੇ ਸਮਰਥਨ ਵਿੱਚ ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਲੂੰਬਾ, ਜ਼ੋਨ ਦੱਖਣ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਤੇ ਹਰਪ੍ਰੀਤ ਸਿੰਘ ਲੋਚਮਾ, ਹਰਚਰਨ ਸਿੰਘ ਬਦੋਛੀ ਕਲਾਂ ਤੇ ਨਰੇਸ਼ ਕੁਮਾਰ, ਬਲਵਿੰਦਰ ਸਿੰਘ ਮੁੰਗੋ ਆਏ ਤੇ ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਦਲਿਤ ਗ਼ਰੀਬ ਬੀਬੀਆਂ ਦੀ ਬਹਾਲੀ ਨਾ ਕੀਤੀ ਗਈ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਪ੍ਰਧਾਨ ਬਲਬੀਰ ਸਿੰਘ ਮੰਡੌਲੀ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਰੇਂਜ ਅਫ਼ਸਰ ਦਾ ਦਫ਼ਤਰ ਘੇਰ ਕੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਪੱਕੇ ਮੋਰਚੇ ਨੂੰ ਉਸ ਸਮੇਂ ਬਹੁਤ ਬਲ ਮਿਲ ਗਿਆ ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਲੂੰਬਾ, ਜ਼ੋਨ ਦੱਖਣ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਤੇ ਹਰਪ੍ਰੀਤ ਸਿੰਘ ਲੋਚਮਾ, ਹਰਚਰਨ ਸਿੰਘ ਬਦੋਛੀ ਕਲਾਂ ਤੇ ਨਰੇਸ਼ ਕੁਮਾਰ, ਬਲਵਿੰਦਰ ਸਿੰਘ ਮੁਗੋ ਦੀ ਹੇਠ ਇਕੱਤਰ ਹੋਏ ਸਾਥੀਆ ਨੇ ਰੇਂਜ ਅਫ਼ਸਰ ਦੀ ਗੱਡੀ ਘੇਰ ਕੇ ਵਾਪਸ ਦਫ਼ਤਰ ’ਚ ਬੈਠਾ ਕੇ ਰੱਖਿਆ ਤੇ ਇਸ ਅਧਿਕਾਰੀ ਦੀ ਤੇ ਵਿਭਾਗੀ ਮੈਨੇਜਮੈਂਟ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਤੇ ਪੰਜਾਬ ਸਰਕਾਰ ਦਾ ਵੀ ਪਿੱਟ ਸਿਆਪਾ ਕੀਤਾ।
ਇਸ ਮੌਕੇ ਦੁਰਗਾ ਵਤੀ, ਬਲਜੀਤ ਕੌਰ, ਸੁਨੀਤਾ ਰਾਣੀ, ਸੁਖਵਿੰਦਰ ਕੌਰ ਲੰਗ ਨੇ ਕਿਹਾ ਸਾਨੂੰ ਅਪਰੈਲ 2020 ਤੋਂ ਬਾਅਦ ਕੋਈ ਵੀ ਤਨਖ਼ਾਹ ਮਸਟ੍ਰੋਲ ਪਰ ਨਹੀਂ ਦਿੱਤੀ ਗਈ ਤੇ ਦਲਿਤ ਔਰਤਾਂ ਨੇ ਕਿਹਾ ਕਿ ਨਾ ਜੰਗਲਾਤ ਦੇ ਅਧਿਕਾਰੀ ਗੱਲ ਸੁਣ ਰਹੇ ਹਨ ਤੇ ਨਾ ਹੀ ਸਰਕਾਰ ਦਾ ਕੋਈ ਅਧਿਕਾਰੀ ਗੱਲ ਸੁਣਨ ਨੂੰ ਤਿਆਰ ਹੈ।
ਘਰਾਂ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ। ਉਧਰੋਂ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ, ਸਾਨੂੰ ਪਟਿਆਲਾ ਦੀਆਂ ਸੜਕਾਂ ਤੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅੱਜ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸਾਥੀਆਂ ਨਾਲ ਰੇਂਜ ਦਫ਼ਤਰ ਦੇ ਮੇਨ ਗੇਟ ਨੂੰ ਜਿੰਦਾ ਲਾ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ ਉਹ ਧਰਨੇ ’ਤੇ ਬੈਠਣ ਲਈ ਮਜਬੂਰ ਹੋਣਗੀਆਂ। ਸਨੌਰ ’ਚ ਵੀ ਰੋਸ ਰੈਲੀ ਕਰਨੀ ਪੈ ਸਕਦੀ ਹੈ।