ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਮਈ
ਪਸ਼ੂ ਪਾਲਣ ਵਿਭਾਗ ਦੇ ਕੁੱਲੇਮਾਜਰਾ ਫਾਰਮ ਵਿੱਚ ਕਾਰਜਸ਼ੀਲ ਕਾਮਿਆਂ ਵੱਲੋਂ ਚਾਰ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਲਾਇਆ ਪੱਕਾ ਮੋਰਚਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਪੱਕੇ ਮੋਰਚੇ ਦੀ ਅਗਵਾਈ ਕਰਦਿਆਂ ਅਰੂਣ ਕੁਮਾਰ, ਪ੍ਰੇਮ ਸਿੰਘ, ਸ਼ਿਵ ਸਿੰਘ ਤੇ ਬੰਤ ਸਿੰਘ ਨੇ ਕਿਹਾ ਕਿ ਉਹ ਕਹਿਰ ਦੀ ਧੁੱਪ ਵਿਚ ਪਸ਼ੂਆਂ ਲਈ ਹਰਾ ਚਾਰਾ ਪੈਦਾ ਕਰਨ ਸਮੇਤ ਅਜਿਹੇ ਕਈ ਸਖਤ ਮਿਹਨਤ ਵਾਲੇ ਕਾਰਜ ਕਰਦੇ ਹਨ। ਬਾਵਜੂਦ ਇਸ ਦੇ ਸਰਕਾਰ ਵੱਲੋਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿਤੀਆਂ ਜਾਂਦੀਆਂ। ਐਤਕੀਂ ਤਾਂ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਕਾਮਿਆਂ ਦਾ ਇਹ ਵੀ ਕਹਿਣਾ ਸੀ ਕਿ ਇਸ ਫਾਰਮ ਵਿਚਲੇ ਕਾਮਿਆਂ ਵਿਚੋਂ ਜ਼ਿਆਦਾ ਤਰ ਗਰੀਬ ਘਰਾਂ ਨਾਲ ਸਬੰਧਤ ਹਨ। ਜਿਸ ਕਰ ਕੇ ਉਨ੍ਹਾਂ ਨੂੰ ਡਾਢੀਆਂ ਵਿੱਤੀ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ। ਇਸ ਦੌਰਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਖ਼ਾਨਪੁਰ, ਜਸਵਿੰਦਰ ਸਿੰਘ ਸੌਜਾ, ਭਜਨ ਸਿੰਘ ਲੰਗ, ਮੋਤੀ ਰਾਮ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਛੋਟੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ, ਖਾਸ ਕਰਕੇ ਤਨਖ਼ਾਹਾਂ ਦੇਣ ਦੇ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਨਜਿੱਠਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਵਾਰ ਵਾਰ ਬੇਨਤੀਆਂ ਕਰਨ ’ਤੇ ਵੀ ਜਦੋਂ ਤਨਖਾਹਾਂ ਜਾਰੀ ਕਰਨ ਦੀ ਕਾਰਵਾਈ ਨੂੰ ਯਕੀਨੀ ਨਾ ਬਣਾਇਆ ਗਿਆ ਤਾਂ ਆਖਰ ਉਨ੍ਹਾਂ ਨੂੰ ਮਜਬੂਰਨ ਪੱਕਾ ਮੋਰਚਾ ਲਾਉਣਾ ਪਿਆ। ਉਨ੍ਹਾਂ ਕਿਹਾ ਕਿ ਪੱਕਾ ਮੋਰਚਾ ਤਨਖਾਹਾਂ ਜਾਰੀ ਹੋਣ ਤੱਕ ਜਾਰੀ ਰਹੇਗਾ।