ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਮਈ
ਪਟਿਆਲਾ ਹਲਕੇ ਤੋਂ ਅਕਾਲੀ ਉਮੀਦਵਾਰ ਐੱਨ ਕੇ ਸ਼ਰਮਾ ਦੀ ਪਤਨੀ ਬਬੀਤਾ ਸ਼ਰਮਾ ਨੇ ਹਲਕਾ ਪਟਿਆਲਾ ਦਿਹਾਤੀ ਵਿੱਚ ਆਪਣੇ ਪਤੀ ਲਈ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਇਸ ਦੌਰਾਨ ਹਲਕਾ ਇੰਚਾਰਜ ਬਿੱਟੂ ਚੱਠਾ ਤੇ ਹੋਰ ਆਗੂ ਵੀ ਸਨ। ਅਸਲ ’ਚ ਇਹ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦਾ ਹਲਕਾ ਹੈ ਕਿਉਂਕਿ ਉਹ ਇਸੇ ਹਲਕੇ ਦੇ ਵਿਧਾਇਕ ਵਜੋਂ ਸਿਹਤ ਮੰਤਰੀ ਵੀ ਹਨ ਤੇ ਹੁਣ ਲੋਕ ਸਭਾ ਦੀ ਚੋਣ ਲੜ ਰਹੇ ਹਨ। ਆਪਣੀ ਇਸ ਫੇਰੀ ਦੌਰਾਨ ਬਬੀਤਾ ਸ਼ਰਮਾ ਦਾ ਕਹਿਣਾ ਸੀ ਕਿ ਹਲਕਾ ਵਿਧਾਇਕ ਦੋ ਸਾਲਾਂ ’ਚ ਵੀ ਹਲਕੇ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਿਆ, ਫੇਰ ਉਹ ਸੰਸਦੀ ਸੀਟ ਵਿਚਲੇ ਨੌਂ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਦਾ ਖਿਆਲ ਕਿਵੇਂ ਰੱਖ ਸਕਣਗੇ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਪੰਜਾਬ ਵਿੱਚ ਵਧੇਰੇ ਵਿਕਾਸ ਹੋਇਆ ਜਦੋਂਕਿ ਪਿਛਲੇ ਸੱਤ ਸਾਲਾਂ ਵਿੱਚ ਕਾਂਗਰਸ ਤੇ ‘ਆਪ’ ਦੇ ਰਾਜ ਵਿਚ ਪੰਜਾਬ ਦਾ ਬੇੜਾ ਗਰਕ ਹੋਇਆ। ਇਸ ਦੌਰਾਨ ‘ਆਪ’ ਆਗੂ ਬਚਿੱਤਰ ਸਿੰਘ ਦਾ ਕਹਿਣਾ ਸੀ ਕਿ ਪਟਿਆਲਾ ਦਿਹਾਤੀ ਹਲਕੇ ਦਾ ਜੋ ਵਿਕਾਸ ਅਤੇ ਸੁਧਾਰ ਵਿਧਾਇਕ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਰਾਇਆ ਹੈ, ਉਹ ਹੁਣ ਤੱਕ ਕਿਸੇ ਵੀ ਵਿਧਾਇਕ ਨੇ ਨਹੀਂ ਕਰਵਾਇਆ। ਉਨ੍ਹਾਂ ਅਕਾਲੀ ਦਲ ’ਤੇ ਬੋਲੋੜਾ ਪ੍ਰਚਾਰ ਕਰਨ ਦੇ ਇਲਜ਼ਾਮ ਵੀ ਲਾਏ।