ਖੇਤਰੀ ਪ੍ਰਤੀਨਿਧ
ਪਟਿਆਲਾ, 27 ਦਸੰਬਰ
ਪੰਜਾਬੀ ਯੂਨੀਵਰਸਿਟੀ ਇਨਵਾਇਰਮੈਂਟਲ ਸੁਸਾਇਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ‘ਪੰਜਾਬ ਦੀ ਸਵੱਛ ਹਵਾ ਦੀ ਪ੍ਰਾਪਤੀ ਲਈ ਰਣਨੀਤੀ ਅਤੇ ਹੱਲ’ ਵਿਸ਼ੇ ’ਤੇ ਦੋ ਦਿਨਾ ਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ। ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਵੱਲੋਂ ਸਪਾਂਸਰ ਕੀਤੀ ਗਈ ਇਸ ਕਾਨਫ਼ਰੰਸ ਦੌਰਾਨ ਹਵਾ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਚਰਚਾ ਕੀਤੀ ਗਈ। ਮੁੱਖ ਮਹਿਮਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਚੇਅਰਮੈਨ ਪ੍ਰੋਫੈਸਰ (ਡਾ.) ਆਦਰਸ਼ ਪਾਲ ਵਿਗ ਨੇ ਦੱਸਿਆ ਕਿ ਬੋਰਡ ਵੱਲੋਂ ਉਦਯੋਗਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਰਵਾਇਤੀ ਈਂਧਨ ਨੂੰ ਪੜਾਅਵਾਰ ਰੂਪ ਵਿੱਚ ਛੱਡ ਕੇ ਇਸ ਦੇ ਬਦਲ ਵਿੱਚ ਸੀਐੱਨਜੀ ਵਰਗੇ ਈਂਧਣ ਅਪਣਾਉਣ।
ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਖੋਜ ਰਾਹੀਂ ਹੱਲ ਲੱਭ ਕੇ ਕੰਮ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਇੰਜੀਨੀਅਰ ਕੌਨੇਸ਼ ਗਰਗ ਨੇ ਵੀ ਸੰਬੋਧਨ ਕੀਤਾ। ਕਾਨਫਰੰਸ ਦੇ ਮੁੱਖ ਬੁਲਾਰੇ ਇੰਜੀਨੀਅਰ ਜੇ.ਐਸ. ਕਾਮਯੋਤਰਾ ਨੇ ਦੱਸਿਆ ਕਿ ਦਿੱਲੀ ਵਿੱਚ ਪ੍ਰਦੂਸ਼ਣ ਮੁੱਖ ਤੌਰ ’ਤੇ ਵਾਹਨਾਂ ਦੇ ਪ੍ਰਦੂਸ਼ਣ ਕਾਰਨ ਹੁੰਦਾ ਹੈ ਤੇ ਇਹ ਸਰਦੀਆਂ ਵਿੱਚ ਹਵਾ ਦੀ ਇਕਾਗਰਤਾ ਕਾਰਨ ਵਧਦਾ ਹੈ।