ਖੇਤਰੀ ਪ੍ਰਤੀਨਿਧ
ਪਟਿਆਲਾ, 29 ਜਨਵਰੀ
‘ਨਾਰੀ ਸ਼ਕਤੀ ਪੁਰਸਕਾਰ-2020’ ਦੀ ਨਾਮਜ਼ਦਗੀ ਲਈ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਿਨੈ ਪੱਤਰ ਮੰਗੇ ਗਏ ਹਨ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਮਹਿਲਾ ਸ਼ਕਤੀਕਰਨ ਤੇ ਔਰਤਾਂ ਦੀ ਭਲਾਈ ਲਈ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਇਸ ਐਵਾਰਡ ਨਾਲ ਨਿਵਾਜਿਆ ਜਾਵੇਗਾ। ਇਹ ਪੁਰਸਕਾਰ 8 ਮਾਰਚ 2021 ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਲਈ ਬਿਨੈ ਪੱਤਰ ਨਿੱਜੀ, ਗਰੁੱਪ ਜਾਂ ਸੰਸਥਾ ਵਲੋਂ ਦਿੱਤਾ ਜਾ ਸਕਦਾ ਹੈ। ਨਿੱਜੀ ਤੌਰ ’ਤੇ ਬਿਨੈ ਕਰਨ ਵਾਲਿਆਂ ਦੀ ਉਮਰ 25 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਸੰਸਥਾ ਦੇ ਮਾਮਲੇ ਵਿੱਚ ਘੱਟੋ-ਘੱਟ ਪੰਜ ਸਾਲ ਦਾ ਤਜ਼ਰਬਾ ਲੋੜੀਂਦਾ ਹੈ।