ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਨਵੰਬਰ
ਪੰਜਾਬੀ ਯੂਨੀਵਰਸਿਟੀ ਦੀ ਅੱਜ ਹੋਈ ਸਿੰਡੀਕੇਟ ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਕਰੀਅਰ ਐਡਵਾਂਸਮੈਂਟ ਸਕੀਮ ਅਧੀਨ ਪਦਉਨਤੀ ਲਈ ਪੇਸ਼ ਹੋਏ ਅਧਿਆਪਕਾਂ ਦੇ ਸਾਰੇ ਕੇਸਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਜਿਨ੍ਹਾਂ ਨਾਲ ਸਬੰਧਤ ਅਧਿਆਪਕ ਕਿਸੇ ਵੀ ਕਿਸਮ ਦੀ ਜਾਂਚ ਅਧੀਨ ਨਹੀਂ ਸਨ। 9 ਦਸੰਬਰ ਨੂੰ ਹੋਣ ਵਾਲੀ ਕਾਨਵੋਕੇਸ਼ਨ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਰਹੇ ‘ਰੋਇਲ ਸੁਸਾਇਟੀ ਲੰਡਨ’ ਦੀ ਪਹਿਲੀ ਮਹਿਲਾ ਵਿਗਿਆਨੀ ਪ੍ਰੋ. ਗਗਨਦੀਪ ਕੌਰ ਕੰਗ ਨੂੰ ਆਨਰਸ-ਕਾਜ਼ਾ ਦੀ ਡਿਗਰੀ ਨਾਲ ਸਨਮਾਨਣ ਦਾ ਫੈਸਲਾ ਵੀ ਲਿਆ ਗਿਆ।
ਪਿਛਲੇ ਦਿਨੀਂ ਦਲਜੀਤ ਅਮੀ ਦੀ ਈਐਮਆਰਸੀ ਅਤੇ ਪੀਯੂ ਦੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਤੇ ਜਸਵੀਰ ਸਿੰਘ ਦੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ ਡਾਇਰੈਕਟਰ ਵਜੋਂ ਹੋਈ ਨਿਯੁਕਤੀ ਸਬੰਧੀ ਮਦਾਂ ਦੀ ਪੁਸ਼ਟੀ ਵੀ ਕੀਤੀ ਗਈ। ਤਲਵੰਡੀ ਸਾਬੋ ਵਿਚਲੇ ਕੇਂਦਰ ਦਾ ਨਾਮ ‘ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ’ ਰੱਖਣ ਬਾਰੇ ਵੀ ਪੁਸ਼ਟੀ ਕੀਤੀ ਗਈ। ਯੂਨੀਵਰਸਿਟੀ ਦੇ ਕੰਟਰੈਕਟ/ਐਡਹਾਕ ਕਰਮਚਾਰੀਆਂ ਦੀ ਨਿਯੁਕਤੀ ਦੀ ਮਿਆਦ ਵਿਚ ਵਾਧਾ ਕਰਦਿਆਂ ਕਾਂਸਟੀਚੂਐਂਟ ਕਾਲਜਾਂ ਦੀਆਂ ਸਟੈਂਡਿੰਗ ਕਮੇਟੀਆਂ ਨੂੰ ਪ੍ਰਵਾਨ ਕੀਤਾ ਗਿਆ ਅਤੇ ਇਨ੍ਹਾਂ ਦੇ ਇੰਚਾਰਜਾਂ ਦੇ ਕਾਰਜਕਾਲ ਦਾ ਸਮਾਂ ਦੋ ਸਾਲ ਤੈਅ ਕੀਤਾ ਗਿਆ।
ਸਿੰਡੀਕੇਟ ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ 6 ਦਸੰਬਰ ਨੂੰ ਭਾਰਤੀ ਸੈਨਾ ਦੇ ਮੁਖੀ 1971 ਦੀ ਭਾਰਤ-ਪਾਕਿ ਜੰਗ ਦੇ 50 ਸਾਲਾ ਜਸ਼ਨਾਂ ਨਾਲ ਸਬੰਧਤ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ। ਡੀਨ ਅਕਾਦਮਿਕ ਮਾਮਲੇ ਪ੍ਰੋ. ਬਲਵੀਰ ਸਿੰਘ ਸੰਧੂ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ 2017 ’ਚ ਬੇਨਿਯਮੀਆਂ ਦੇ 14 ਮਾਮਲਿਆਂ ਦੀ ਜਾਂਚ ਦੇ ਕੇਸ ਸਾਹਮਣੇ ਆਏ ਸਨ ਜਿਨ੍ਹਾਂ ਵਿਚੋਂ 13 ਦੇ ਜਾਂਚ ਕੇਸ ਪਹਿਲਾਂ ਹੀ ਸਿੰਡੀਕੇਟ ਅੱਗੇ ਪੇਸ਼ ਕੀਤੀ ਜਾ ਚੁੱਕੀ ਹੈ। ਇਸ ਵਾਰ 14 ਕੇਸ ਪੇਸ਼ ਕੀਤੇ ਗਏ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਸਬੰਧਤ ਦੋਸ਼ੀਆਂ ਦੀ ਜ਼ਿੰਮੇਵਾਰੀ ਸਮਾਂਬੱਧ ਤਰੀਕੇ ਨਾਲ ਤੈਅ ਕਰਨ ਬਾਰੇ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ’ਚ ਛੇ ਅਜਿਹੇ ਅਧਿਆਪਕਾਂ ਦੇ ਕੇਸ ਹਨ, ਜਿਨ੍ਹਾਂ ਦੇ ਬੀ.ਸੀ. ਨਾਲ ਸਬੰਧਤ ਦਸਤਾਵੇਜ਼ਾਂ ਦੀ ਪ੍ਰਮਾਣਿਤਕਾ ’ਤੇ ਸੰਦੇਹ ਦੇ ਇਲਜ਼ਾਮ ਹਨ। ਉਨ੍ਹਾਂ ਨੂੰ 15 ਦਿਨਾਂ ਵਿਚ ਆਪਣਾ ਅਸਲ ਦਸਤਾਵੇਜ਼ ਜਮ੍ਹਾਂ ਕਰਵਾਉਣ ਬਾਰੇ ਕਿਹਾ ਗਿਆ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਦੋਸ਼ੀ ਸਵੀਕਾਰ ਕਰ ਲਿਆ ਜਾਵੇਗਾ। ਬਿਨਾਂ ਅਗਾਊਂ ਪ੍ਰਵਾਨਗੀ ਦੇ ਛੁੱਟੀ ’ਤੇ ਗਏ ਅਧਿਆਪਕ/ਕਰਮਚਾਰੀ ਨੂੰ 31 ਦਸੰਬਰ ਤੱਕ ਵਾਪਸ ਆਉਣ ਦਾ ਸਮਾਂ ਦਿੱਤਾ ਗਿਆ ਹੈ। ਪਰ ਬਿਨਾ ਛੁੱਟੀ ਲਏ ਬਾਹਰ ਰਹਿਣ ਦੇ ਸਮੇਂ ਨੂੰ ਉਨ੍ਹਾਂ ਦੇ ਕਰੀਅਰ ਅਡਵਾਂਸਮੈਂਟ ਕੇਸ ਵਿੱਚ ਨਹੀਂ ਗਿਣਿਆ ਜਾਵੇਗਾ। ਸਿੰਡੀਕੇਟ ਦੇ 18 ਵਿਚੋਂ ਹੈਰੀਮਾਨ ਸਮੇਤ 12 ਮੈਂਬਰ ਹਾਜ਼ਰ ਰਹੇ ਅਤੇ 3 ਮੈਂਬਰਾਂ ਨੇ ਆਨਲਾਈਨ ਵਿਧੀ ਰਾਹੀਂ ਸ਼ਿਰਕਤ ਕੀਤੀ।
‘ਸੈਫੀ’ ਵੱਲੋਂ ਸਿੰਡੀਕੇਟ ਦੀ ਮੀਟਿੰਗ ਦੌਰਾਨ ਪ੍ਰਦਰਸ਼ਨ
‘ਸੈਫੀ’ ਦੇ ਪ੍ਰਧਾਨ ਯਾਦਵਿੰਦਰ ਯਾਦੂ ਦੀ ਅਗਵਾਈ ਹੇਠਾਂ ਵਿਦਿਆਰਥੀਆਂ ਨੇ ਸਿੰਡੀਕੇਟ ਮੀਟਿੰਗ ਤੋਂ ਪਹਿਲਾਂ ‘ਲਾਹਣਤਨਾਮਾ’ ਦੇ ਬੈਨਰ ਹੇਠ ਪਰਚੇ ਵੰਡੇ। ਇਨ੍ਹਾਂ ਪਰਚਿਆਂ ਜ਼ਰੀਏ ਵਿਦਿਆਰਥੀਆਂ ਨੇ ਘੁਟਾਲਿਆਂ ਦੇ ਕਈ ਮਾਮਲਿਆਂ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਤੁਰੰਤ ਕਾਰਵਾਈ ਦੀ ਮੰੰਗ ਕੀਤੀ। ਸੈਫੀ ਆਗੂਆਂ ਨੇ ਇਹ ਵੀ ਕਿਹਾ ਕਿ ਸਿੰਡੀਕੇਟ ’ਚ ਜਾਂਚ ਮਾਮਲਿਆਂ ਬਾਰੇ ਹੋਈ ਕਾਰਵਾਈ ਜਾਂ ਚਰਚਾ ਬਾਰੇ ਵੀਸੀ ਵੱੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਦੀ ਉਨ੍ਹਾਂ ਜ਼ੋਰਦਾਰ ਨਿੰਦਾ ਕੀਤੀ। ਪ੍ਰਧਾਨ ਯਾਦੂ ਨੇ ਜਾਂਚ ਮਾਮਲਿਆਂ ’ਚ ਕਾਰਵਾਈ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ ਵੀਸੀ ਦਫਤਰ ਦੇ ਬਾਹਰ ਧਰਨਾ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਕਾਲ਼ਾ ਦਿਵਸ ਮਨਾਇਆ ਹੈ।